ਰੋਜ਼ਾਨਾ ਖ਼ਬਰ
ਅਲੀਗੜ੍ਹ (ਉੱਤਰ ਪ੍ਰਦੇਸ਼), 25 ਦਸੰਬਰ
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ.ਐਮ.ਯੂ.) ਦੇ ਕੈਂਪਸ ਵਿੱਚ ਇੱਕ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਅਣਪਛਾਤੇ ਹਮਲਾਵਰਾਂ ਨੇ ਏਬੀਕੇ (ABK) ਸਕੂਲ ਦੇ ਅਧਿਆਪਕ ਰਾਓ ਦਾਨਿਸ਼ ਅਲੀ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਵਾਰਦਾਤ ਰਾਤ ਕਰੀਬ 9 ਵਜੇ ਲਾਇਬ੍ਰੇਰੀ ਦੇ ਨੇੜੇ ਵਾਪਰੀ।
ਯੂਨੀਵਰਸਿਟੀ ਦੇ ਪ੍ਰੋਕਟਰ ਪ੍ਰੋਫੈਸਰ ਮੁਹੰਮਦ ਵਸੀਮ ਅਲੀ ਨੇ ਦੱਸਿਆ ਕਿ ਦਾਨਿਸ਼ ਅਲੀ ਨੂੰ ਸਿਰ ਵਿੱਚ ਗੋਲੀ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਪਹੁੰਚਾਇਆ ਗਿਆ, ਪਰ ਇਲਾਜ ਦੌਰਾਨ ਉਹ ਜ਼ਖ਼ਮਾਂ ਕਾਰਨ ਚੱਲ ਬੱਸੇ। ਗੋਲੀਆਂ ਦੀ ਗਿਣਤੀ ਬਾਰੇ ਅਜੇ ਪੱਕੀ ਜਾਣਕਾਰੀ ਨਹੀਂ ਮਿਲੀ, ਪਰ ਕੁਝ ਗਵਾਹਾਂ ਦੇ ਅਨੁਸਾਰ ਤਿੰਨ ਤੋਂ ਪੰਜ ਗੋਲੀਆਂ ਚਲਾਈਆਂ ਗਈਆਂ।
ਜਿਲ੍ਹਾ ਐੱਸਐੱਸਪੀ ਨੀਰਜ ਜਾਦੋਂ ਨੇ ਪੁਸ਼ਟੀ ਕੀਤੀ ਕਿ ਇਸ ਵਾਰਦਾਤ ਵਿੱਚ ਦੋ ਅਣਪਛਾਤੇ ਹਮਲਾਵਰ ਸ਼ਾਮਲ ਸਨ, ਜਿਨ੍ਹਾਂ ਦੀ ਪਛਾਣ ਅਤੇ ਗ੍ਰਿਫਤਾਰੀ ਲਈ ਪੁਲੀਸ ਵੱਲੋਂ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਕੈਂਪਸ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਗੌਰਤਲਬ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਹਾਲ ਹੀ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵਿਧਾਨ ਸਭਾ ਵਿੱਚ ਸੂਬੇ ਦੀ ਕਾਨੂੰਨ-ਵਿਵਸਥਾ ਵਿੱਚ ਸੁਧਾਰ ਅਤੇ ਸ਼ਾਂਤੀਪੂਰਨ ਮਾਹੌਲ ਦਾ ਦਾਅਵਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਸੀ ਕਿ ਹੁਣ ਸੂਬੇ ਵਿੱਚ ਦੰਗੇ ਜਾਂ ਕਰਫਿਊ ਦੀ ਸਥਿਤੀ ਨਹੀਂ ਹੈ।

ਪੁਲੀਸ ਵੱਲੋਂ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਜਾਂਚ ਜਾਰੀ ਹੈ ਅਤੇ ਹਮਲਾਵਰਾਂ ਦੀ ਭਾਲ ਤੇਜ਼ ਗਤੀ ਨਾਲ ਕੀਤੀ ਜਾ ਰਹੀ ਹੈ।










