ਜਤਿੰਦਰ ਬੈਂਸ
ਗੁਰਦਾਸਪੁਰ, 4 ਜੂਨ
ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਪੜਾਅ-3 ਤਹਿਤ ਨੌਜਵਾਨਾਂ ਲਈ ਰੁਜ਼ਗਾਰ ਅਤੇ ਹੁਨਰ ਵਿਕਾਸ ਦਾ ਵੱਡਾ ਮੌਕਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਸੀ.ਈ.ਓ. ਡੀ.ਬੀ.ਈ.ਈ ਗੁਰਦਾਸਪੁਰ ਸ੍ਰੀ ਗੁਰਸਿਮਰਨ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨ ਅਧਿਕਾਰਤ ਵੈਬਸਾਈਟ https://pminternship.mca.gov.in/� ‘ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਅਸਲ ਕਾਰੋਬਾਰੀ ਮਾਹੌਲ ਵਿੱਚ ਤਜਰਬਾ ਦੇ ਕੇ ਉਨ੍ਹਾਂ ਦੀ ਰੁਜ਼ਗਾਰ ਯੋਗਤਾ ਨੂੰ ਵਧਾਉਣਾ ਹੈ। ਚੁਣੇ ਗਏ ਇੰਟਰਨਜ਼ ਨੂੰ ਪੂਰੀ ਇੰਟਰਨਸ਼ਿਪ ਦੌਰਾਨ 9,000 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇੰਟਰਨਸ਼ਿਪ ਪੂਰੀ ਕਰਨ ਵਾਲੇ ਉਮੀਦਵਾਰਾਂ ਨੂੰ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ ਬੀਮਾ ਕਵਰੇਜ ਵੀ ਮਿਲੇਗੀ।
ਜ਼ਿਲ੍ਹਾ ਰੋਜ਼ਗਾਰ ਅਫਸਰ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਇਸ ਯੋਜਨਾ ਲਈ ਉਮਰ ਸੀਮਾ 18 ਤੋਂ 25 ਸਾਲ ਰੱਖੀ ਗਈ ਹੈ। ਵਿਦਿਅਕ ਯੋਗਤਾ ਵਿੱਚ ਹਾਈ ਸਕੂਲ, ਹਾਇਰ ਸੈਕੰਡਰੀ, ITI, ਪੌਲੀਟੈਕਨਿਕ ਡਿਪਲੋਮਾ ਜਾਂ BA, B.Sc, B.Com, B.E/B.Tech ਵਰਗੀਆਂ ਡਿਗਰੀਆਂ ਸ਼ਾਮਲ ਹਨ। ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੇ ਆਖਰੀ ਸਾਲ ਦੇ ਵਿਦਿਆਰਥੀ ਵੀ ਅਰਜ਼ੀ ਦੇ ਸਕਦੇ ਹਨ, ਜਦਕਿ CA, CS, MBBS, MBA ਅਤੇ PhD ਵਾਲੇ ਉਮੀਦਵਾਰ ਇਸ ਸਕੀਮ ਲਈ ਯੋਗ ਨਹੀਂ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ 12 ਲੱਖ ਰੁਪਏ ਤੋਂ ਵੱਧ ਹੈ ਜਾਂ ਪਰਿਵਾਰ ਦਾ ਕੋਈ ਮੈਂਬਰ ਸਰਕਾਰੀ ਨੌਕਰੀ ਵਿੱਚ ਪੱਕਾ ਹੈ, ਉਹ ਇਸ ਯੋਜਨਾ ਦੇ ਲਾਭਪਾਤਰ ਨਹੀਂ ਹੋਣਗੇ। ਰਜਿਸਟ੍ਰੇਸ਼ਨ ਪੂਰੀ ਤਰ੍ਹਾਂ ਮੁਫ਼ਤ ਹੈ ਅਤੇ ਅਧਾਰ ਅਧਾਰਤ ਈ-ਕੇਵਾਈਸੀ ਲਾਜ਼ਮੀ ਹੈ। ਉਮੀਦਵਾਰ ਆਪਣੀ ਪਸੰਦ ਦੇ ਸੈਕਟਰ, ਭੂਮਿਕਾ ਅਤੇ ਸਥਾਨ ਅਨੁਸਾਰ ਇੰਟਰਨਸ਼ਿਪ ਲਈ ਅਰਜ਼ੀ ਦੇ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਉਮੀਦਵਾਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਕਮਰਾ ਨੰਬਰ 217, ਬਲਾਕ-ਬੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸੰਪਰਕ ਕਰ ਸਕਦੇ ਹਨ।










