ਜਤਿੰਦਰ ਬੈਂਸ (ਮੁੱਖ ਸੰਪਾਦਕ ਰੋਜ਼ਾਨਾ ਖ਼ਬਰ)
ਅੱਜਕੱਲ੍ਹ ਸਾਡੇ ਦੇਸ਼ ਵਿੱਚ ਦੋ ਚੀਜ਼ਾਂ ਬਿਨਾਂ ਮੰਗੇ ਹੀ ਮਿਲ ਜਾਂਦੀਆਂ ਨੇ। ਇੱਕ ਮੋਬਾਈਲ ’ਤੇ ਰੀਲਾਂ ਤੇ ਦੂਜੀ ਸਿਆਸੀ ਬਹਿਸ। ਚਾਹ ਦੀ ਦੁਕਾਨ ਤੋਂ ਲੈ ਕੇ ਵਟਸਐਪ ਗਰੁੱਪਾਂ ਤੱਕ ਲੋਕ ਇਸ ਤਰ੍ਹਾਂ ਆਪਣੀ ਪਾਰਟੀ ਲਈ ਲੜਦੇ ਨੇ ਜਿਵੇਂ ਪਾਰਟੀ ਪ੍ਰਧਾਨ ਨੇ ਵਸੀਅਤ ਵਿੱਚ ਜਾਇਦਾਦ ਉਹਨਾਂ ਦੇ ਨਾਮ ਕਰ ਦਿੱਤੀ ਹੋਵੇ।
ਹਾਲਤ ਇਹ ਹੈ ਕਿ ਆਮ ਬੰਦਾ ਆਪਣੀ ਘਰ ਵਾਲੀ ਦੀ ਗੱਲ ਭਾਵੇਂ ਕਦੇ ਮੰਨਦਾ ਨਾ ਹੋਵੇ, ਪਰ ਆਪਣੇ ਮਨਪਸੰਦ ਨੇਤਾ ਦੀ ਹਰ ਗੱਲ ਨੂੰ ਪੱਥਰ ‘ਤੇ ਲਕੀਰ ਵਾਂਗ ਸੱਚ ਮੰਨ ਲੈਂਦਾ ਹੈ। ਜੇ ਨੇਤਾ ਕਹੇ ਦਿਨ ਨੂੰ ਰਾਤ, ਤਾਂ ਸਮਰਥਕ ਤੁਰੰਤ ਆਖੇਗਾ, “ਵੱਡੇ ਵਿਜ਼ਨ ਵਾਲੇ ਨੇਤਾ ਹਨ, ਤੁਹਾਨੂੰ ਸਮਝ ਨਹੀਂ ਆਉਣੀ।”
ਸਭ ਤੋਂ ਵੱਡੀ ਕਮਾਲ ਦੀ ਗੱਲ ਤਾਂ ਇਹ ਹੈ ਕਿ ਜਿਹੜੇ ਆਗੂਆਂ ਲਈ ਲੋਕ ਸੋਸ਼ਲ ਮੀਡੀਆ ’ਤੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣੇ ਫਿਰਦੇ ਨੇ, ਉਹ ਆਗੂ ਆਪਸ ਵਿੱਚ ਕਦੇ ਵੀ ਚਾਹ-ਪਕੌੜੇ ਖਾਂਦੇ ਮਿਲ ਜਾਂਦੇ ਨੇ। ਅੱਜ ਇੱਕ ਪਾਰਟੀ ਨੂੰ ਗਾਲਾਂ ਕੱਢਣ ਵਾਲਾ ਨੇਤਾ ਕੱਲ੍ਹ ਉਸੇ ਪਾਰਟੀ ਵਿੱਚ ਸ਼ਾਮਲ ਹੋ ਕੇ ਕਹਿੰਦਾ ਹੈ, “ਮੇਰਾ ਦਿਲ ਤਾਂ ਪਹਿਲਾਂ ਤੋਂ ਹੀ ਇੱਥੇ ਸੀ ਅਤੇ ਪਿੱਛੇ ਖੜ੍ਹੇ ਸਮਰਥਕ ਤਾਲੀਆਂ ਮਾਰਦੇ ਆਖਦੇ ਨੇ, “ਵੱਡਾ ਇਤਿਹਾਸਕ ਫੈਸਲਾ!”
ਜਨਤਾ ਵੀ ਕਮਾਲ ਕਰਦੀ ਹੈ। ਨੇਤਾ ਪੰਜ ਸਾਲਾਂ ਵਿੱਚ ਤਿੰਨ ਪਾਰਟੀਆਂ ਬਦਲ ਲਵੇ ਤਾਂ ਕਹਿੰਦੇ ਨੇ, “ਇਹ ਤਾਂ ਰਾਜਨੀਤਿਕ ਰਣਨੀਤੀ ਹੈ।” ਪਰ ਜੇ ਗੁਆਂਢੀ ਕ੍ਰਿਕਟ ਟੀਮ ਬਦਲ ਲਵੇ ਤਾਂ ਉਸ ਨਾਲ ਰਿਸ਼ਤਾ ਤੋੜਣ ਤੱਕ ਜਾਂਦੇ ਨੇ।
ਸਿਆਸਤ ਹੁਣ ਸੇਵਾ ਘੱਟ ਤੇ ਸੀਜ਼ਨਲ ਕਾਰੋਬਾਰ ਵੱਧ ਲੱਗਦੀ ਹੈ। ਜਿਵੇਂ ਸਰਦੀਆਂ ਵਿੱਚ ਲੋਕ ਜੈਕਟ ਬਦਲਦੇ ਨੇ, ਓਹੋ ਜਿਹਾ ਕਈ ਆਗੂ ਚੋਣਾਂ ਨੇੜੇ ਪਾਰਟੀਆਂ ਬਦਲਦੇ ਨੇ। ਫਰਕ ਸਿਰਫ਼ ਇਹ ਹੈ ਕਿ ਜੈਕਟ ਬਦਲਣ ਵਾਲਾ ਘੱਟੋ-ਘੱਟ ਪੁਰਾਣੀ ਜੈਕਟ ਦੀ ਬੁਰਾਈ ਨਹੀਂ ਕਰਦਾ, ਪਰ ਨੇਤਾ ਨਵੀਂ ਪਾਰਟੀ ਵਿੱਚ ਜਾ ਕੇ ਕਹਿੰਦਾ ਹੈ, “ਮੈਂ ਤਾਂ ਉੱਥੇ ਘੁੱਟਣ ਮਹਿਸੂਸ ਕਰਦਾ ਸੀ। ਸਾਲ ਹੀ ਦਾ ਤਾਜ਼ਾ ਸਿਆਸੀ ਘਟਨਾਕ੍ਰਮ ਉੱਤੇ ਸਰਸਰੀ ਝਾਤ ਮਾਰ ਦਵੋ। ਰਾਘਵ ਚੱਢਾ ਜੋ ਚਾਰ ਸਾਲ ਤੱਕ ਆਮ ਆਦਮੀ ਪਾਰਟੀ ਵਿੱਚ ਰਹਿ ਕੇ ਪੰਜਾਬ ਸਰਕਾਰ ਵਿੱਚ ਚੰਮ ਦੀ ਚਲਾਉਂਦਾ ਸੀ ਪੰਜਾਬ ਕੋਟੇ ਵਿਚੋਂ ਰਾਜ ਸਭਾ ਮੈਂਬਰ ਵੀ ਬਣ ਗਿਆ, ਜਿਵੇਂ ਪਾਰਟੀ ਬਦਲੀ ਉਸਦਾ ਬਿਆਨ ਆ ਗਿਆ ਕਿ ਆਪ ਸਰਕਾਰ ਨੇ ਤਾਂ ਪੰਜਾਬ ਨੂੰ ਰੰਗਲਾ ਤੋਂ ਕੰਗਲਾ ਪੰਜਾਬ ਬਣਾ ਦਿੱਤਾ ਹੈ। ਭਲੇਮਾਣਸ ਨੂੰ ਕੋਈ ਪੁੱਛੇ ਕਿ ਤੂੰ ਵੀ ਚਾਰ ਸਾਲ ਇਸੇ ਪਾਰਟੀ ਦਾ ਹਿੱਸਾ ਰਿਹਾ ਅਤੇ ਜੇਕਰ ਜੋ ਤੂੰ ਕਿਹਾ ਸਹੀ ਹੈ ਤਾਂ ਤੂੰ ਵੀ ਬਰਾਬਰ ਦਾ ਭਾਈਵਾਲ ਹੈ ਅਤੇ ਪਾਰਟੀ ਬਦਲ ਕੇ ਤੂੰ ਅਜਿਹੇ ਇਲਜ਼ਾਮਾਂ ਤੋਂ ਬਰੀ ਨਹੀਂ ਹੋ ਸਕਦਾ। ਖੈਰ ਮੇਰੇ ਕਹਿਣ ਦਾ ਸਿੱਧਾ ਜਿਹਾ ਮਤਲਬ ਹੈ ਨੇਤਾਵਾਂ ਦੀ ਕੋਈ ਪਾਰਟੀ ਕੋਈ ਵਿਚਾਰਧਾਰਾ ਨਹੀਂ ਹੁੰਦੀ ਹੈ ਅਸੀਂ ਲੋਕ ਹੀ ਇਨ੍ਹਾਂ ਨੇਤਾਵਾਂ ਪਿੱਛੇ ਲੱਗ ਕੇ ਮਰਨ ਮਰਾਉਣ ਤੱਕ ਜਾਂਦੇ ਹਾਂ ਅਤੇ ਦੁਸ਼ਮਣੀਆਂ ਭਾਲ ਲੈਂਦੇ ਹਾਂ। ਇੱਥੇ ਕਿਸੇ ਪਾਰਟੀ ਜਾਂ ਨੇਤਾ ਦਾ ਹਿੱਤ ਨਹੀਂ ਪੂਰਿਆ ਜਾ ਰਿਹਾ ਬਸ ਜਾਗਰੂਕ ਹੋਣ ਦਾ ਹੋਕਾ ਦੇ ਰਿਹਾ ਹਾਂ ਲੋੜ ਹੈ ਅੱਜ ਜਾਗਰੂਕ ਹੋਣ ਦੀ ਅਤੇ ਸਹੀ ਫ਼ੈਸਲੇ ਲੈਣ ਦੀ।
ਅਸਲ ਵਿੱਚ ਸਿਆਸੀ ਪਾਰਟੀਆਂ ਲਈ ਲੜਦਿਆਂ ਲੋਕ ਇਹ ਭੁੱਲ ਜਾਂਦੇ ਨੇ ਕਿ ਪਾਰਟੀਆਂ ਤੇ ਨੇਤਾ ਆਪਣੇ ਫਾਇਦੇ ਦੇ ਹਿਸਾਬ ਨਾਲ ਦੋਸਤੀ ਤੇ ਦੁਸ਼ਮਣੀ ਬਦਲਦੇ ਰਹਿੰਦੇ ਨੇ। ਆਮ ਬੰਦਾ ਹੀ ਹੈ ਜੋ ਫੇਸਬੁੱਕ ਕਮੈਂਟਾਂ ਵਿੱਚ ਆਪਣਾ ਬਲੱਡ ਪ੍ਰੈਸ਼ਰ ਵਧਾ ਰਿਹਾ ਹੁੰਦਾ ਹੈ।
ਜੇਕਰ ਮੇਰੀ ਕਹੀ ਗੱਲ ਉੱਤੇ ਯਕੀਨ ਨਹੀਂ ਲੋਕੋ ਤਾਂ ਆਪਣੇ ਨੇੜੇ ਹੀ ਝਾਤ ਮਾਰ ਲੈਣਾ ਅਤੇ ਸੁਹਿਰਦਤਾ ਨਾਲ ਵਿਚਾਰ ਕਰਨਾ। ਅਨੇਕਾਂ ਉਦਾਹਰਣਾਂ ਤੁਹਾਨੂੰ ਆਪਣੇ ਆਲੇ-ਦੁਆਲੇ ਹੀ ਮਿਲ ਜਾਣਗੀਆਂ, ਜਿੱਥੇ ਕੱਲ੍ਹ ਤੱਕ ਇੱਕ ਦੂਜੇ ਦੇ ਵਿਰੋਧੀ ਰਹੇ ਆਗੂ ਅੱਜ ਇੱਕੋ ਮੰਚ ’ਤੇ ਨਜ਼ਰ ਆ ਰਹੇ ਹਨ।
ਇਸ ਲਈ ਸਿਆਸਤ ਨੂੰ ਸਿਆਸਤ ਹੀ ਰਹਿਣ ਦਿਓ, ਇਸਨੂੰ ਆਪਣੀ ਨਿੱਜੀ ਜੰਗ ਨਾ ਬਣਾਓ।
ਧੰਨਵਾਦ

ਜਤਿੰਦਰ ਬੈਂਸ










