ਰੋਜ਼ਾਨਾ ਖ਼ਬਰ ਬਿਊਰੋ
ਚੰਡੀਗੜ੍ਹ, 17 ਅਕਤੂਬਰ
ਪੰਜਾਬ ਪੁਲੀਸ ਦੇ ਡਿਪਟੀ ਇੰਸਪੈਕਟਰ ਜਨਰਲ ਹਰਚਰਨ ਸਿੰਘ ਭੁੱਲਰ ਨੂੰ ਅੱਜ ਚੰਡੀਗੜ੍ਹ ਦੀ ਸਥਾਨਕ ਅਦਾਲਤ ਵੱਲੋਂ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਭੁੱਲਰ ਨੂੰ ਸੀਬੀਆਈ ਵੱਲੋਂ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮਾਮਲੇ ਦੀ ਪੇਸ਼ੀ ਦੌਰਾਨ ਸੀਬੀਆਈ ਵੱਲੋਂ ਪੁਲੀਸ ਰਿਮਾਂਡ ਦੀ ਮੰਗ ਨਾ ਕੀਤੇ ਜਾਣ ਕਾਰਨ ਕਈ ਸਵਾਲ ਖੜ੍ਹੇ ਹੋ ਗਏ ਹਨ। ਇਸ ਗੱਲ ‘ਤੇ ਹੈਰਾਨੀ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦੇ ਗੰਭੀਰ ਮਾਮਲੇ ਵਿੱਚ ਏਜੰਸੀ ਨੇ ਹੋਰ ਪੁੱਛਗਿੱਛ ਲਈ ਰਿਮਾਂਡ ਦੀ ਮੰਗ ਕਿਉਂ ਨਹੀਂ ਕੀਤੀ।
ਸੂਤਰਾਂ ਅਨੁਸਾਰ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਦੀ ਟੀਮ ਨੇ ਉਸ ਵੇਲੇ ਕਾਬੂ ਕੀਤਾ ਜਦੋਂ ਉਹ ਇੱਕ ਮਾਮਲੇ ਵਿੱਚ ਰਿਸ਼ਵਤ ਦੀ ਰਕਮ ਲੈ ਰਹੇ ਸਨ। ਗ੍ਰਿਫ਼ਤਾਰੀ ਤੋਂ ਬਾਅਦ ਸੀਬੀਆਈ ਨੇ ਉਨ੍ਹਾਂ ਦੇ ਘਰ ਤੇ ਹੋਰ ਸਥਾਨਾਂ ਦੀ ਤਲਾਸ਼ੀ ਲਈ, ਜਿਸ ਦੌਰਾਨ ਤਕਰੀਬਨ ਪੰਜ ਕਰੋੜ ਰੁਪਏ ਦੀ ਨਕਦੀ, ਡੇਢ ਕਿਲੋ ਸੋਨਾ ਅਤੇ ਦੋ ਲਗਜ਼ਰੀ ਕਾਰਾਂ ਬਰਾਮਦ ਹੋਈਆਂ। ਇਹ ਬਰਾਮਦਗੀਆਂ ਮਾਮਲੇ ਨੂੰ ਹੋਰ ਗੰਭੀਰ ਬਣਾ ਰਹੀਆਂ ਹਨ ਅਤੇ ਇਹ ਦਰਸਾ ਰਹੀਆਂ ਹਨ ਕਿ ਰਿਸ਼ਵਤਖੋਰੀ ਦਾ ਜਾਲ ਕਾਫ਼ੀ ਵੱਡਾ ਹੋ ਸਕਦਾ ਹੈ।
ਸੀਬੀਆਈ ਨੇ ਕਿਹਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਹੋਰ ਸਰਕਾਰੀ ਅਧਿਕਾਰੀਆਂ ਦੀ ਭੂਮਿਕਾ ਵੀ ਖੰਗਾਲੀ ਜਾ ਰਹੀ ਹੈ। ਉਮੀਦ ਹੈ ਕਿ ਅਗਲੇ ਦਿਨਾਂ ਵਿੱਚ ਹੋਰ ਖੁਲਾਸੇ ਸਾਹਮਣੇ ਆ ਸਕਦੇ ਹਨ।
ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲੀਸ ਦੇ ਉੱਚ ਹਲਕਿਆਂ ਵਿੱਚ ਭਾਰੀ ਹਲਚਲ ਮਚ ਗਈ ਹੈ। ਕਈ ਅਧਿਕਾਰੀ ਇਸ ਗੱਲ ਨੂੰ ਲੈਕੇ ਚਿੰਤਤ ਹਨ ਕਿ ਮਾਮਲਾ ਹੋਰ ਉੱਚ ਪੱਧਰ ਤੱਕ ਵੀ ਪਹੁੰਚ ਸਕਦਾ ਹੈ। ਇਸ ਗ੍ਰਿਫ਼ਤਾਰੀ ਨੂੰ ਹਾਲੀਆ ਸਮੇਂ ਦੇ ਸਭ ਤੋਂ ਵੱਡੇ ਭ੍ਰਿਸ਼ਟਾਚਾਰ ਮਾਮਲਿਆਂ ‘ਚੋਂ ਇੱਕ ਮੰਨਿਆ ਜਾ ਰਿਹਾ ਹੈ।

ਮਾਮਲੇ ਨਾਲ ਜੁੜੀ ਹੋਰ ਜਾਣਕਾਰੀ ਅਗਲੀ ਪੇਸ਼ੀ ਦੌਰਾਨ ਸਾਹਮਣੇ ਆਉਣ ਦੀ ਉਮੀਦ ਹੈ।







