Share & like

Entrepreneurship Mindset Curriculum ਤਹਿਤ 133 ਵਿਦਿਆਰਥੀਆਂ ਨੇ ਦਿਖਾਈ ਉਦਯਮਤਾ ਦੀ ਮਿਸਾਲ

ਜਤਿੰਦਰ ਬੈਂਸ
ਗੁਰਦਾਸਪੁਰ, 4 ਜੂਨ:
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ Entrepreneurship Mindset Curriculum (EMC) ਨੂੰ ਸਫਲਤਾਪੂਰਵਕ ਲਾਗੂ ਕਰਦਿਆਂ ਸਰਕਾਰੀ ਕਾਲਜ ਗੁਰਦਾਸਪੁਰ ਦੇ ਵਿਦਿਆਰਥੀਆਂ ਨੇ 56.09 ਲੱਖ ਰੁਪਏ ਦਾ ਰੈਵਨਿਊ ਜਨਰੇਟ ਕਰਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਇਸ ਉਪਲਬਧੀ ਨਾਲ ਕਾਲਜ ਨੇ ਨਾ ਸਿਰਫ਼ ਜ਼ਿਲ੍ਹੇ, ਸਗੋਂ ਪੂਰੇ ਪੰਜਾਬ ਵਿੱਚ ਉਦਯਮਤਾ ਸਿੱਖਿਆ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ ਹੈ।

ਇਸ ਪ੍ਰੋਗਰਾਮ ਵਿੱਚ ਬੀਬੀਏ, ਬੀ.ਕਾਮ. ਬੈਂਕਿੰਗ, ਫਾਈਨੈਂਸ਼ੀਅਲ ਸਰਵਿਸਿਜ਼ ਐਂਡ ਇਨਸ਼ੋਰੈਂਸ (BFSI), ਬੀ.ਕਾਮ. ਟੈਕਸ ਪਲੈਨਿੰਗ ਐਂਡ ਮੈਨੇਜਮੈਂਟ ਅਤੇ ਬੀ.ਕਾਮ. ਰੈਗੂਲਰ ਦੇ ਕੁੱਲ 133 ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਆਪਣੇ ਕਾਰੋਬਾਰੀ ਉਪਰਾਲਿਆਂ, ਉਤਪਾਦਾਂ ਅਤੇ ਸੇਵਾਵਾਂ ਰਾਹੀਂ ਇਹ ਰੈਵਨਿਊ ਕਮਾਇਆ।

ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਕਾਰੋਬਾਰੀ ਯੋਜਨਾ ਬਣਾਉਣ, ਵਿੱਤੀ ਪ੍ਰਬੰਧਨ, ਮਾਰਕੀਟਿੰਗ, ਗਾਹਕਾਂ ਨਾਲ ਸੰਪਰਕ, ਟੀਮ ਵਰਕ ਅਤੇ ਲੀਡਰਸ਼ਿਪ ਵਰਗੇ ਅਹਿਮ ਹੁਨਰ ਵੀ ਹਾਸਲ ਕੀਤੇ, ਜੋ ਭਵਿੱਖ ਵਿੱਚ ਉਨ੍ਹਾਂ ਨੂੰ ਸਫਲ ਉਦਯੋਗਪਤੀ ਅਤੇ ਰੁਜ਼ਗਾਰ ਸਿਰਜਣਹਾਰ ਬਣਨ ਵਿੱਚ ਮਦਦਗਾਰ ਸਾਬਤ ਹੋਣਗੇ।

ਇਸ ਸਫਲਤਾ ਵਿੱਚ ਕਾਲਜ ਦੇ ਅਧਿਆਪਕਾਂ ਦੀ ਵੀ ਮਹੱਤਵਪੂਰਨ ਭੂਮਿਕਾ ਰਹੀ। ਪ੍ਰੋ. ਜਤਿਨ ਮਹਾਜਨ ਦੇ ਵਿਦਿਆਰਥੀਆਂ ਨੇ 17.78 ਲੱਖ ਰੁਪਏ, ਪ੍ਰੋ. ਸਤਵਿੰਦਰ ਸਿੰਘ ਦੇ ਵਿਦਿਆਰਥੀਆਂ ਨੇ 8.32 ਲੱਖ ਰੁਪਏ, ਪ੍ਰੋ. ਸ਼੍ਰੁਤੀ ਮਹਾਜਨ ਦੇ ਵਿਦਿਆਰਥੀਆਂ ਨੇ 6.33 ਲੱਖ ਰੁਪਏ, ਪ੍ਰੋ. ਗੁਰਪ੍ਰੀਤ ਕੌਰ ਦੇ ਵਿਦਿਆਰਥੀਆਂ ਨੇ 8.59 ਲੱਖ ਰੁਪਏ, ਪ੍ਰੋ. ਗੀਤਾਂਜਲੀ ਦੇ ਵਿਦਿਆਰਥੀਆਂ ਨੇ 11.48 ਲੱਖ ਰੁਪਏ ਅਤੇ ਪ੍ਰੋ. ਪ੍ਰੀਆ ਦੇ ਵਿਦਿਆਰਥੀਆਂ ਨੇ 3.09 ਲੱਖ ਰੁਪਏ ਦਾ ਰੈਵਨਿਊ ਜਨਰੇਟ ਕੀਤਾ।

ਇਸ ਮੌਕੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ Entrepreneurship Mindset Curriculum ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਾਲੇ ਅਧਿਆਪਕਾਂ ਨੂੰ “ਬੈਸਟ ਟੀਚਰ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਕਾਲਜ ਦੇ ਯੂਟਿਊਬ ਚੈਨਲ ਨੂੰ ਸਫਲਤਾਪੂਰਵਕ ਚਲਾਉਣ ਵਾਲੀ ਟੀਮ ਅਤੇ ਪ੍ਰੀਖਿਆ ਸ਼ਾਖਾ ਦੀ ਨਵੀਨਤਾਕਾਰੀ ਕਾਰਗੁਜ਼ਾਰੀ ਲਈ ਵੀ ਵਿਸ਼ੇਸ਼ ਸਨਮਾਨ ਦਿੱਤਾ ਗਿਆ।

ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਕਾਰੀ ਕਾਲਜ ਗੁਰਦਾਸਪੁਰ ਨੇ ਇਸ ਕਰੀਕੁਲਮ ਨੂੰ ਸਿਰਫ਼ ਪਾਠਕ੍ਰਮ ਤੱਕ ਸੀਮਿਤ ਨਹੀਂ ਰੱਖਿਆ, ਸਗੋਂ ਇਸ ਨੂੰ ਵਿਦਿਆਰਥੀਆਂ ਦੇ ਵਿਹਾਰਕ ਜੀਵਨ ਅਤੇ ਤਜਰਬੇ ਨਾਲ ਜੋੜਿਆ ਹੈ। ਉਨ੍ਹਾਂ ਦੱਸਿਆ ਕਿ ਅਕਾਦਮਿਕ ਸੈਸ਼ਨ 2026-27 ਤੋਂ ਇਹ ਪ੍ਰੋਗਰਾਮ ਹੋਰ ਕਲਾਸਾਂ ਦੇ ਵਿਦਿਆਰਥੀਆਂ ਲਈ ਵੀ ਲਾਗੂ ਕੀਤਾ ਜਾਵੇਗਾ।
ਡਾ. ਭੱਲਾ ਨੇ ਕਿਹਾ ਕਿ ਕਾਲਜ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕੇਵਲ ਡਿਗਰੀ ਤੱਕ ਸੀਮਿਤ ਨਾ ਰੱਖ ਕੇ ਉਨ੍ਹਾਂ ਵਿੱਚ ਉਦਯਮਤਾ, ਨਵੀਨਤਾ, ਲੀਡਰਸ਼ਿਪ ਅਤੇ ਰੁਜ਼ਗਾਰਮੁਖੀ ਹੁਨਰਾਂ ਦਾ ਵਿਕਾਸ ਕਰਨਾ ਹੈ, ਤਾਂ ਜੋ ਉਹ ਆਪਣੇ ਲਈ ਰੁਜ਼ਗਾਰ ਦੇ ਮੌਕੇ ਖੁਦ ਪੈਦਾ ਕਰ ਸਕਣ।

ਉਨ੍ਹਾਂ ਦੱਸਿਆ ਕਿ ਇਸ ਸਮੇਂ ਕਾਲਜ ਦੇ ਕਰੀਬ 200 ਵਿਦਿਆਰਥੀਆਂ ਨੂੰ ਇੰਡੀਅਨ ਸਕੂਲ ਆਫ਼ ਬਿਜ਼ਨਸ, ਹੈਦਰਾਬਾਦ ਵੱਲੋਂ ਉਦਯਮਤਾ, ਲੀਡਰਸ਼ਿਪ ਅਤੇ ਰੁਜ਼ਗਾਰਮੁਖੀ ਹੁਨਰਾਂ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਵੱਲੋਂ ਵੀ ਵਿਦਿਆਰਥੀਆਂ ਲਈ 15 ਦਿਨਾਂ ਦੀ ਵਿਸ਼ੇਸ਼ ਸਿਖਲਾਈ ਚਲਾਈ ਜਾ ਰਹੀ ਹੈ, ਜਿਸ ਨਾਲ ਉਹ ਸਵੈ-ਰੁਜ਼ਗਾਰ ਅਤੇ ਵਿਹਾਰਕ ਗਿਆਨ ਨਾਲ ਹੋਰ ਮਜ਼ਬੂਤੀ ਨਾਲ ਜੁੜ ਰਹੇ ਹਨ।


Share & like

Leave a Reply