Share & like

ਸਾਰੀਆਂ ਭਾਸ਼ਾਵਾਂ ਦੀਆਂ ਪਾਠ-ਪੁਸਤਕਾਂ ਵਿੱਚ ਗੁਰਮੁਖੀ ਵਰਣਮਾਲਾ ਲਈ ਸਮਰਪਿਤ ਪੰਨਾ ਸ਼ਾਮਲ ਕੀਤਾ ਜਾਵੇਗਾ

ਰੋਜ਼ਾਨਾ ਖ਼ਬਰ
ਚੰਡੀਗੜ੍ਹ, 24 ਦਸੰਬਰ
ਪੰਜਾਬ ਦੇ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਦੀ ਗੁਰਮੁੱਖੀ ਲਿਪੀ ਪੜ੍ਹਨ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਨਿਵੇਕਲੀ ਪਹਿਲ ਕੀਤੀ ਹੈ। ਇਸ ਤਹਿਤ ਆਉਣ ਵਾਲੇ ਅਕਾਦਮਿਕ ਸੈਸ਼ਨ 2026–27 ਤੋਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਸਮੇਤ ਸਾਰੀਆਂ ਭਾਸ਼ਾਵਾਂ ਦੀਆਂ ਪਾਠ-ਪੁਸਤਕਾਂ ਵਿੱਚ ਗੁਰਮੁੱਖੀ ਵਰਣਮਾਲਾ ਲਈ ਇੱਕ ਵਿਸ਼ੇਸ਼ ਪੰਨਾ ਸ਼ਾਮਲ ਕੀਤਾ ਜਾਵੇਗਾ।
ਇਹ ਪਾਠ-ਪੁਸਤਕਾਂ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਛਾਪੀਆਂ ਜਾਣਗੀਆਂ ਅਤੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ, ਪ੍ਰਾਈਵੇਟ ਤੇ ਹੋਰ ਸਕੂਲਾਂ ਵਿੱਚ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਪੜ੍ਹਦੇ ਲਗਭਗ 60 ਲੱਖ ਵਿਦਿਆਰਥੀਆਂ ਨੂੰ ਇਸ ਪਹਿਲ ਦਾ ਲਾਭ ਮਿਲੇਗਾ।
‘ਪ੍ਰਥਮ’ ਵੱਲੋਂ ਜਾਰੀ ਇਸ ਸਾਲ ਦੀ ASER ਰਿਪੋਰਟ ਮੁਤਾਬਕ ਤੀਜੀ ਜਮਾਤ ਦੇ ਕਰੀਬ 15 ਫੀਸਦੀ ਵਿਦਿਆਰਥੀ ਸਿਰਫ਼ ਗੁਰਮੁੱਖੀ ਦੇ ਅੱਖਰ ਹੀ ਪੜ੍ਹ ਸਕਦੇ ਹਨ, ਸ਼ਬਦ ਨਹੀਂ, ਜਦਕਿ 4.6 ਫੀਸਦੀ ਵਿਦਿਆਰਥੀ ਪੰਜਾਬੀ ਦੇ ਅੱਖਰ ਵੀ ਪੜ੍ਹਨ ਵਿੱਚ ਅਸਮਰੱਥ ਪਾਏ ਗਏ। ਪੇਂਡੂ ਪੰਜਾਬ ਦੇ ਸਰਵੇਖਣਾਂ ਨੇ ਵੀ ਸਿੱਖਣ ਦੇ ਪੱਧਰ ਬਾਰੇ ਚਿੰਤਾਜਨਕ ਤਸਵੀਰ ਪੇਸ਼ ਕੀਤੀ ਹੈ।
ਵਿਭਾਗੀ ਅਧਿਕਾਰੀਆਂ ਅਨੁਸਾਰ ਵੱਖ-ਵੱਖ ਜਮਾਤਾਂ ਦੇ ਭਾਸ਼ਾ ਪੇਪਰਾਂ ਦੇ ਵਿਸ਼ਲੇਸ਼ਣ ਤੋਂ ਇਹ ਸਪੱਸ਼ਟ ਹੋਇਆ ਕਿ ਗੁਰਮੁੱਖੀ ਪੜ੍ਹਨ ਦੇ ਹੁਨਰ ਨੂੰ ਤੁਰੰਤ ਮਜ਼ਬੂਤ ਕਰਨ ਦੀ ਲੋੜ ਹੈ। ਇਸ ਲਈ ਪੰਜਾਬੀ ਦੀਆਂ ਕਿਤਾਬਾਂ ਵਿੱਚ ਗੁਰਮੁਖੀ ਵਰਣਮਾਲਾ ਮੁੱਖਬੰਧ ਤੋਂ ਪਹਿਲਾਂ ਅਤੇ ਕਿਤਾਬ ਦੇ ਅਖੀਰ ਵਿੱਚ ਛਾਪੀ ਜਾਵੇਗੀ, ਜਦਕਿ ਹਿੰਦੀ ਅਤੇ ਅੰਗਰੇਜ਼ੀ ਦੀਆਂ ਕਿਤਾਬਾਂ ਵਿੱਚ ਸਬੰਧਤ ਭਾਸ਼ਾ ਦੀ ਵਰਣਮਾਲਾ ਦੇ ਨਾਲ ਹੇਠਾਂ ਗੁਰਮੁਖੀ ਅੱਖਰ ਵੀ ਦਿੱਤੇ ਜਾਣਗੇ।

PSEB ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਇਸ ਕਦਮ ਦਾ ਮਕਸਦ ਵਿਦਿਆਰਥੀਆਂ ਦਾ ਧਿਆਨ ਗੁਰਮੁੱਖੀ ਵੱਲ ਵਧਾਉਣਾ ਅਤੇ ਮਾਤ ਭਾਸ਼ਾ ਨਾਲ ਨਾਤਾ ਮਜ਼ਬੂਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਹ ਨਵੀਂ ਵਿਸ਼ੇਸ਼ਤਾ ਆਉਣ ਵਾਲੇ ਅਕਾਦਮਿਕ ਸੈਸ਼ਨ ਤੋਂ ਸਾਰੀਆਂ ਭਾਸ਼ਾ ਕਿਤਾਬਾਂ ਵਿੱਚ ਲਾਗੂ ਹੋਵੇਗੀ।


Share & like

Leave a Reply