ਜਤਿੰਦਰ ਬੈਂਸ / ਰੋਜ਼ਾਨਾ ਖ਼ਬਰ
ਗੁਰਦਾਸਪੁਰ, 15 ਮਈ
ਗੁਰਦਾਸਪੁਰ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਡਕੈਤੀ ਦੀ ਯੋਜਨਾ ਨੂੰ ਨਾਕਾਮ ਬਣਾਉਂਦੇ ਹੋਏ 6 ਦੋਸ਼ੀਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ।
ਐੱਸ.ਐੱਸ.ਪੀ ਗੁਰਦਾਸਪੁਰ ਆਦਿੱਤਿਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਜੀ.ਪੀ ਪੰਜਾਬ ਵੱਲੋਂ ਚਲਾਈ ਜਾ ਰਹੀ ਗੈਂਗਸਟਰ ਵਿਰੋਧੀ ਮੁਹਿੰਮ ਤਹਿਤ ਅਤੇ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹ ਕਾਰਵਾਈ ਕੀਤੀ ਗਈ।
ਥਾਣਾ ਦੀਨਾਨਗਰ ਪੁਲਿਸ ਨੂੰ 14 ਮਈ 2026 ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਮੜੀਆ ਕੌਂਟਾ ਨੇੜੇ ਇੱਕ ਕਾਰ (ਨੰਬਰ PB 18 P 1700) ਵਿੱਚ ਸਵਾਰ ਕੁਝ ਵਿਅਕਤੀ ਡਕੈਤੀ ਦੀ ਯੋਜਨਾ ਬਣਾ ਰਹੇ ਹਨ। ਸੂਚਨਾ ਦੇ ਆਧਾਰ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਮੌਕੇ ’ਤੇ ਛਾਪਾ ਮਾਰ ਕੇ 6 ਦੋਸ਼ੀਆਂ ਨੂੰ ਕਾਬੂ ਕਰ ਲਿਆ।
ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਯੂਸਫ ਮਸੀਹ ਉਰਫ ਐਮ.ਪੀ., ਮਲੂਕ ਮਸੀਹ, ਕਮਲਜੀਤ ਉਰਫ ਰਾਹੁਲ ਉਰਫ ਦਾਤਰ, ਹਨੀ, ਮਹਿਕਪ੍ਰੀਤ ਸਿੰਘ ਅਤੇ ਸੰਦੀਪ ਮਸੀਹ ਵਜੋਂ ਹੋਈ ਹੈ।
ਤਲਾਸ਼ੀ ਦੌਰਾਨ ਦੋਸ਼ੀਆਂ ਕੋਲੋਂ ਇੱਕ .30 ਬੋਰ ਪਿਸਟਲ ਮੈਗਜ਼ੀਨ ਸਮੇਤ, 4 ਜਿੰਦਾ ਰੌਂਦ, ਇੱਕ ਬੇਸਬਾਲ ਬੈਟ, ਇੱਕ ਕਿਰਪਾਨ ਅਤੇ ਇੱਕ ਦਾਤਰ ਬਰਾਮਦ ਕੀਤਾ ਗਿਆ। ਕਾਰ ਦੀ ਵੀ ਤਲਾਸ਼ੀ ਲਈ ਗਈ।
ਇਸ ਮਾਮਲੇ ਵਿੱਚ ਥਾਣਾ ਦੀਨਾਨਗਰ ਵਿਖੇ ਮੁਕੱਦਮਾ ਨੰਬਰ 118 ਦਰਜ ਕੀਤਾ ਗਿਆ ਹੈ, ਜਿਸ ਵਿੱਚ BNS ਦੀਆਂ ਧਾਰਾਵਾਂ 310(4), 310(5) ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ 25, 54, 59 ਲਗਾਈਆਂ ਗਈਆਂ ਹਨ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਪੁਲਿਸ ਅਧਿਕਾਰੀਆਂ ਅਨੁਸਾਰ ਗ੍ਰਿਫਤਾਰ ਦੋਸ਼ੀਆਂ ਵਿੱਚੋਂ ਕੁਝ ਦਾ ਪਹਿਲਾਂ ਵੀ ਕ੍ਰਿਮਿਨਲ ਰਿਕਾਰਡ ਰਹਿ ਚੁੱਕਾ ਹੈ ਅਤੇ ਉਹ ਵੱਖ-ਵੱਖ ਮਾਮਲਿਆਂ ਵਿੱਚ ਸ਼ਾਮਲ ਰਹੇ ਹਨ।










