“ਪਰਿਵਾਰ ਵਿਛੋੜਾ” ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਟੱਲ ਸ਼ਹਾਦਤ ਨੂੰ ਸਮਰਪਿਤ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 25 ਦਸੰਬਰ
ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਆਯੋਜਿਤ ਸਫ਼ਰ-ਏ-ਸ਼ਹਾਦਤ ਐਨ.ਐਸ.ਐਸ ਕੈਂਪ ਦਾ ਦੂਸਰਾ ਦਿਨ ਸ਼ਹਾਦਤ, ਤਿਆਗ ਅਤੇ ਮਰਿਆਦਾ ਦੀ ਰੂਹ ਨਾਲ ਸਮਰਪਿਤ ਰਿਹਾ। ਅੱਜ ਦੇ ਦਿਨ ਦਾ ਕੇਂਦਰੀ ਵਿਸ਼ਾ “ਪਰਿਵਾਰ ਵਿਛੋੜਾ” ਅਤੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਟੱਲ ਸ਼ਹਾਦਤ ਰਿਹਾ, ਜਿੱਥੇ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੇ ਪਰਿਵਾਰਕ ਵਿਛੋੜੇ ਅਤੇ ਮਹਾਨ ਬਲਿਦਾਨ ਦੀ ਆਤਮਿਕ ਪ੍ਰੇਰਣਾ ਨਾਲ ਰੂਬਰੂ ਕਰਵਾਇਆ ਗਿਆ।
ਗੁਰੂ ਸਾਹਿਬ ਦੇ ਅਮਰ ਬਚਨ “ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਪੁੱਤ ਚਾਰ, ਚਾਰ ਮੂਏ ਤੋ ਕਿਆ ਹੋਆ ਜੀਵਤ ਕਈ ਹਜ਼ਾਰ” ਦੇ ਡੂੰਘੇ ਅਰਥਾਂ ਨੂੰ ਵਿਦਿਆਰਥੀਆਂ ਸਾਹਮਣੇ ਭਾਵਾਤਮਕ ਢੰਗ ਨਾਲ ਪ੍ਰਸਤੁਤ ਕੀਤਾ ਗਿਆ। ਇਸ ਮੌਕੇ ਪੰਜਾਬੀ ਵਿਭਾਗ ਦੀ ਡਾ. ਪਲਵਿੰਦਰ ਕੌਰ ਵੱਲੋਂ ਕੀਤਾ ਗਿਆ ਭਾਵਪੂਰਕ ਸੰਬੋਧਨ ਵਿਦਿਆਰਥੀਆਂ ਲਈ ਆਤਮਿਕ ਜਾਗਰੂਕਤਾ ਦਾ ਸ੍ਰੋਤ ਬਣਿਆ, ਜਿਸ ਵਿੱਚ ਸ਼ਹਾਦਤ, ਮਨੁੱਖਤਾ, ਸੇਵਾ ਅਤੇ ਤਿਆਗ ਦੇ ਮੂਲ ਸਿਧਾਂਤਾਂ ਨੂੰ ਵਿਸਥਾਰ ਵਿੱਚ ਉਜਾਗਰ ਕੀਤਾ ਗਿਆ।
ਕਾਰਜਕ੍ਰਮ ਦੌਰਾਨ ਵਿਦਿਆਰਥੀਆਂ ਨੂੰ ਯੋਗਾ ਸਿਖਲਾਈ ਰਾਹੀਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦਾ ਮਹੱਤਵ ਸਮਝਾਇਆ ਗਿਆ। ਇਸ ਤੋਂ ਇਲਾਵਾ ਕੈਂਪਸ ਵਿੱਚ ਸਫਾਈ ਅਭਿਆਨ ਚਲਾਇਆ ਗਿਆ, ਜਿਸ ਵਿੱਚ ਐਨ.ਐਸ.ਐਸ ਸੇਵਾਦਾਰਾਂ ਨੇ ਪੂਰੀ ਮਰਿਆਦਾ ਨਾਲ ਭਾਗ ਲੈਂਦਿਆਂ ਇੱਕ ਸੁਚੱਜੇ ਅਤੇ ਸਿਹਤਮੰਦ ਵਾਤਾਵਰਨ ਦਾ ਸੁਨੇਹਾ ਦਿੱਤਾ।

ਦਿਨ ਦੇ ਅੰਤ ਵਿੱਚ ਮਾਤਾ ਖੀਵੀ ਜੀ ਦੀ ਰਸੋਈ ਦੀ ਪ੍ਰੇਰਣਾ ਨਾਲ ਲੰਗਰ ਸੇਵਾ ਦਾ ਆਯੋਜਨ ਕੀਤਾ ਗਿਆ, ਜੋ ਸਟਾਫ ਤੇ ਵਿਦਿਆਰਥੀਆਂ ਵੱਲੋਂ ਮਿਲਜੁਲ ਕੇ ਤਿਆਰ ਕੀਤਾ ਗਿਆ ਅਤੇ ਸਭ ਨੂੰ ਮਰਿਆਦਾ ਪੂਰਵਕ ਛਕਾਇਆ ਗਿਆ।
ਸਫ਼ਰ-ਏ-ਸ਼ਹਾਦਤ ਦੇ ਇਸ ਦਿਨ ਨੇ ਸੇਵਾ, ਸਿਮਰਨ, ਤਿਆਗ, ਮਰਿਆਦਾ ਅਤੇ ਸ਼ਹਾਦਤ ਦੇ ਸੰਦੇਸ਼ ਨੂੰ ਵਿਦਿਆਰਥੀਆਂ ਦੇ ਮਨ ਵਿੱਚ ਅਮਿੱਟ ਕਰ ਦਿੱਤਾ ਅਤੇ ਇਹ ਦਿਨ ਸਾਰੇ ਹਾਜ਼ਰੀਨਾਂ ਲਈ ਇੱਕ ਯਾਦਗਾਰ ਅਤੇ ਪ੍ਰੇਰਣਾਦਾਇਕ ਅਨੁਭਵ ਬਣ ਕੇ ਰਹਿ ਗਿਆ।










