Share & like

ਸੁਪਰੀਮ ਕੋਰਟ ਵੱਲੋਂ ਭਰਤੀ ਰੱਦ ਕਰਨ ਦੇ ਫ਼ੈਸਲੇ ’ਤੇ ਵੱਡਾ ਰੋਸ, ਸਰਕਾਰ ਤੋਂ ਰੀਵਿਊ ਪਟੀਸ਼ਨ ਦਾਇਰ ਕਰਨ ਅਤੇ ਰੁਜ਼ਗਾਰ ਸੁਰੱਖਿਅਤ ਕਰਨ ਦੀ ਮੰਗ

ਰੋਜ਼ਾਨਾ ਖ਼ਬਰ ਬਿਊਰੋ
ਸੰਗਰੂਰ, 16 ਸਤੰਬਰ
ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਨਿੱਜੀ ਰਿਹਾਇਸ਼ ਸਾਹਮਣੇ ਅੱਜ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਵੱਲੋਂ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਕੰਮ ਕਰ ਰਹੇ ਅਧਿਆਪਕ ਸਮੂਹਿਕ ਛੁੱਟੀ ਲੈ ਕੇ ਵੇਰਕਾ ਪਲਾਂਟ ਤੋਂ ਰੋਸ ਮਾਰਚ ਕਰਦੇ ਹੋਏ ਮੁੱਖ ਮੰਤਰੀ ਦੀ ਕੋਠੀ ਪਹੁੰਚੇ ਅਤੇ ਘਿਰਾਓ ਕਰਕੇ ਸਟੇਜ ਚਲਾਇਆ।

ਫ਼ਰੰਟ ਦੇ ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਭਰਤੀ ਰੱਦ ਕਰਨ ਦਾ ਫ਼ੈਸਲਾ ਨਾ ਸਿਰਫ਼ ਭਰਤੀ ਉਮੀਦਵਾਰਾਂ ਲਈ ਝਟਕਾ ਹੈ, ਸਗੋਂ ਇਹ ਪੰਜਾਬ ਦੀ ਉਚੇਰੀ ਸਿੱਖਿਆ ਅਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਵੀ ਖਿਲਵਾੜ ਹੈ।

ਉਹਨਾਂ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਰੀਵਿਊ ਅਤੇ ਕਿਉਰੇਟਿਵ ਪਟੀਸ਼ਨ ਦਾਇਰ ਕਰੇ, ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਲਈ ਸਮਾਂ ਦਿੱਤਾ ਜਾਵੇ ਅਤੇ ਜਨਤਕ ਬਿਆਨ ਜਾਰੀ ਕਰਕੇ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੇ ਰੁਜ਼ਗਾਰ ਦੀ ਗਾਰੰਟੀ ਦਿੱਤੀ ਜਾਵੇ।

ਆਗੂਆਂ ਨੇ ਕਿਹਾ ਕਿ ਇਸ ਭਰਤੀ ਲਈ ਉਮੀਦਵਾਰਾਂ ਨੇ ਸਾਲਾਂ ਲੰਮਾ ਸੰਘਰਸ਼ ਕੀਤਾ ਹੈ, ਜਿਸ ਵਿੱਚ ਉਹਨਾਂ ਨੇ ਲਾਠੀਚਾਰਜ, ਪਰਚੇ ਅਤੇ ਜੇਲ੍ਹਾਂ ਤੱਕ ਸਹੇ ਹਨ। ਫਿਰ ਵੀ ਉਹ ਰੁਜ਼ਗਾਰ ਬਚਾਉਣ ਲਈ ਅੱਜ ਵੀ ਸੜਕਾਂ ’ਤੇ ਸੰਘਰਸ਼ ਕਰਨ ਲਈ ਮਜਬੂਰ ਹਨ। ਪ੍ਰਦਰਸ਼ਨ ਦੌਰਾਨ ਸਰਕਾਰ ਦੀ ਚੁੱਪੀ ਅਤੇ ਅਸੰਵੇਦਨਸ਼ੀਲਤਾ ’ਤੇ ਵੀ ਗੰਭੀਰ ਸਵਾਲ ਚੁੱਕੇ ਗਏ।

ਇਸ ਪ੍ਰਦਰਸ਼ਨ ਨੂੰ ਹੋਰ ਤਾਕਤ ਦੇਣ ਲਈ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ, ਪੰਜਾਬ ਸਟੂਡੈਂਟਸ ਯੂਨੀਅਨ, ਪੀਐੱਸਯੂ ਸ਼ਹੀਦ ਰੰਧਾਵਾ, ਪੀਐੱਸਯੂ ਲਲਕਾਰ, ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ), ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਅਤੇ ਮੈਰੀਟੋਰੀਅਸ ਟੀਚਰਜ਼ ਯੂਨੀਅਨ ਦੇ ਮੈਂਬਰ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।


Share & like

Leave a Reply