ਰੋਜ਼ਾਨਾ ਖ਼ਬਰ
ਬਰਨਾਲਾ , 20 ਜਨਵਰੀ
ਪੰਜਾਬ ਦੀ ਕਾਂਗਰਸ ਲੀਡਰਸ਼ਿਪ ਵਿਚ ਚੱਲ ਰਹੀ ਅੰਦਰੂਨੀ ਖਿਚੋਤਾਣ ਦੇ ਦਰਮਿਆਨ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪਾਰਟੀ ਬਦਲਣ ਸੰਬੰਧੀ ਚੱਲ ਰਹੀਆਂ ਅਟਕਲਾਂ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਹੈ।
ਬਰਨਾਲਾ ਜ਼ਿਲ੍ਹੇ ਵਿੱਚ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਬਰਸੀ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਨੀ ਨੇ ਕਿਹਾ ਕਿ ਉਹ ਕਾਂਗਰਸ ਦੇ ਸੱਚੇ ਸਿਪਾਹੀ ਹਨ ਅਤੇ ਹਮੇਸ਼ਾ ਰਹਿਣਗੇ। ਉਨ੍ਹਾਂ ਨੇ ਸਪਸ਼ਟ ਸ਼ਬਦਾਂ ਵਿੱਚ ਆਖਿਆ,“ਜੇਕਰ ਚੰਨੀ ਕਦੇ ਆਪਣੀ ਪਾਰਟੀ ਬਦਲਦਾ ਹੈ ਤਾਂ ਲੋਕਾਂ ਨੂੰ ਉਸ ਨੂੰ ਵੋਟ ਨਹੀਂ ਪਾਉਣੀ ਚਾਹੀਦੀ।”
ਚੰਨੀ ਨੇ ਕਿਹਾ ਕਿ ਉਹ ਹਮੇਸ਼ਾ ਲੋਕਾਂ ਦੀ ਮੰਗ ਦੇ ਅਧਾਰ ‘ਤੇ ਮੁੱਦੇ ਉਠਾਉਂਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ, ਪਿੱਛੜੇ ਵਰਗਾਂ ਅਤੇ ਉੱਚ ਜਾਤੀ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਹ ਬਰਾਬਰੀ ਨਾਲ ਉਜਾਗਰ ਕਰਦੇ ਆਏ ਹਨ। ਉਨ੍ਹਾਂ ਨੇ ਯਾਦ ਕਰਵਾਇਆ ਕਿ ਆਪਣੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਉਨ੍ਹਾਂ ਨੇ ਹਰ ਵਰਗ ਦੀ ਭਲਾਈ ਲਈ ਕਦਮ ਚੁੱਕੇ।

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਮੁੱਖ ਲਕਸ਼ ਸਮਾਵੇਸ਼ੀ ਵਿਕਾਸ ਸੀ ਅਤੇ ਕਿਸੇ ਇੱਕ ਵਰਗ ਲਈ ਨਹੀਂ ਸਗੋਂ ਸਾਰੇ ਭਾਈਚਾਰਿਆਂ ਲਈ ਕੰਮ ਕੀਤਾ ਗਿਆ।










