ਰੋਜ਼ਾਨਾ ਖ਼ਬਰ ਬਿਊਰੋ
ਅੰਮ੍ਰਿਤਸਰ, 16 ਸਤੰਬਰ
ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਰਮਦਾਸ ਵਿਖੇ ਗੁਰਦੁਆਰਾ ਸ੍ਰੀ ਸਮਾਧ ਬਾਬਾ ਬੁੱਢਾ ਜੀ ਸਾਹਿਬ ਅੰਦਰ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੂੰ ਸਿਰੋਪਾ ਭੇਂਟ ਕਰਨ ਦੇ ਮਾਮਲੇ ਦੀ ਜਾਂਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਵੱਲੋਂ ਬਣਾਈ ਕਮੇਟੀ ਨੇ ਅੱਜ ਪੂਰੀ ਕਰ ਲਈ ਹੈ। ਭਲਕੇ ਜਾਂਚ ਰਿਪੋਰਟ ਸੌਂਪੀ ਜਾਣ ਦੀ ਸੰਭਾਵਨਾ ਹੈ।

ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਇਸ ਘਟਨਾ ਵਿੱਚ ਇੱਕ ਅਧਿਕਾਰੀ ਸਮੇਤ ਚਾਰ ਕਰਮਚਾਰੀ ਲਾਪਰਵਾਹੀ ਅਤੇ ਕੁਤਾਹੀ ਦੇ ਜ਼ਿੰਮੇਵਾਰ ਪਾਏ ਗਏ ਹਨ। ਰਿਪੋਰਟ ਮਿਲਣ ਤੋਂ ਬਾਅਦ ਉਹਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਰਾਹੁਲ ਗਾਂਧੀ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਈ ਕਾਂਗਰਸੀ ਆਗੂ ਹੜ੍ਹ ਪੀੜਤਾਂ ਨੂੰ ਮਿਲਣ ਰਮਦਾਸ ਪਹੁੰਚੇ ਸਨ। ਇਸ ਦੌਰਾਨ ਉਹ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਏ ਜਿੱਥੇ ਕਰਮਚਾਰੀਆਂ ਵੱਲੋਂ ਉਹਨਾਂ ਨੂੰ ਸਿਰੋਪੇ ਦਿੱਤੇ ਗਏ ਸਨ। ਘਟਨਾ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਸ.ਜੀ.ਪੀ.ਸੀ. ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਂਚ ਦੇ ਹੁਕਮ ਦਿੱਤੇ ਸਨ।

ਐਸ.ਜੀ.ਪੀ.ਸੀ. ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਕਮੇਟੀ ਵੱਲੋਂ ਜਾਂਚ ਮੁਕੰਮਲ ਕਰ ਲਈ ਗਈ ਹੈ ਅਤੇ ਰਿਪੋਰਟ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਨਿਸ਼ਚਿਤ ਤੌਰ ‘ਤੇ ਹੋਵੇਗੀ। ਪ੍ਰਧਾਨ ਧਾਮੀ ਨੇ ਸਪਸ਼ਟ ਕੀਤਾ ਸੀ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਕਿਸੇ ਵੀ ਸਿਆਸੀ ਸ਼ਖਸੀਅਤ ਨੂੰ ਸਿਰੋਪਾ ਦੇਣ ‘ਤੇ ਪਾਬੰਦੀ ਹੈ। ਇਹ ਸਨਮਾਨ ਕੇਵਲ ਧਾਰਮਿਕ ਸ਼ਖਸੀਅਤਾਂ, ਰਾਗੀ ਸਿੰਘਾਂ ਅਤੇ ਸਿੱਖ ਮਹਾਂਪੁਰਸ਼ਾਂ ਲਈ ਹੀ ਰੱਖਿਆ ਗਿਆ ਹੈ।










