ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ 1 ਤੋਂ 3 ਮਈ ਤੱਕ ਸੰਗਰੂਰ ਵਿਖੇ ਹੋਣ ਵਾਲੀ ਸਟੇਟ ਚੈਂਪੀਅਨਸ਼ਿਪ ਵਿੱਚ ਕਰਨਗੇ ਜ਼ਿਲ੍ਹੇ ਦੀ ਨੁਮਾਇੰਦਗੀ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 29 ਅਪਰੈਲ
ਗੁਰਦਾਸਪੁਰ ਡਿਸਟ੍ਰਿਕਟ ਫੈਂਸਿੰਗ ਐਸੋਸੀਏਸ਼ਨ ਵੱਲੋਂ ਅਧੁਨਿਕ ਅਤੇ ਪਾਰਦਰਸ਼ੀ ਪ੍ਰਬੰਧਾਂ ਨਾਲ ਅੰਡਰ-17 ਜ਼ਿਲ੍ਹਾ ਪੱਧਰੀ ਫੈਂਸਿੰਗ ਮੁਕਾਬਲਿਆਂ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਮੁਕਾਬਲਿਆਂ ਵਿੱਚ ਮੁੰਡਿਆਂ ਅਤੇ ਕੁੜੀਆਂ ਦੇ ਇਪੀ, ਫੌਇਲ ਅਤੇ ਸੇਬਰ ਵਰਗਾਂ ਦੇ ਮੁਕਾਬਲੇ ਕਰਵਾਏ ਗਏ।

ਟੂਰਨਾਮੈਂਟ ਦੀ ਸ਼ੁਰੂਆਤ 26 ਅਪਰੈਲ ਨੂੰ ਬਟਾਲਾ ਦੇ ਲੋਰੈਂਸ ਇੰਟਰਨੈਸ਼ਨਲ ਪਬਲਿਕ ਸਕੂਲ ਤੋਂ ਕੀਤੀ ਗਈ, ਜਿੱਥੇ ਖਿਡਾਰੀਆਂ ਦੀ ਰਿਪੋਰਟਿੰਗ ਅਤੇ ਪ੍ਰਬੰਧਕੀ ਤਿਆਰੀਆਂ ਪੂਰੀਆਂ ਕੀਤੀਆਂ ਗਈਆਂ। ਖਿਡਾਰੀਆਂ ਅਤੇ ਮਾਪਿਆਂ ਦੀ ਸਹਿਮਤੀ ਤੋਂ ਬਾਅਦ 27 ਅਪਰੈਲ ਨੂੰ ਮੁਕਾਬਲੇ ਕਰਵਾਉਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਅਧੁਨਿਕ ਸਹੂਲਤਾਂ ਨਾਲ ਲੈਸ ਫੈਂਸਿੰਗ ਹਾਲ ਦੀ ਚੋਣ ਕੀਤੀ ਗਈ। ਐਸੋਸੀਏਸ਼ਨ ਵੱਲੋਂ ਖਿਡਾਰੀਆਂ ਦੇ ਆਉਣ-ਜਾਣ ਲਈ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ, ਜਿਸ ਨਾਲ ਖਿਡਾਰੀਆਂ ਨੂੰ ਕੌਮੀ ਪੱਧਰ ਦੀਆਂ ਸਹੂਲਤਾਂ ਵਿੱਚ ਖੇਡਣ ਦਾ ਮੌਕਾ ਮਿਲਿਆ।
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪਹਿਲੀ ਵਾਰ ਅਜਿਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੌਰਾਨ ਕੌਮੀ ਪੱਧਰ ਦੇ “Fencing Time Live” ਸਾਫਟਵੇਅਰ ਦੀ ਵਰਤੋਂ ਕੀਤੀ ਗਈ। ਇਸ ਤਕਨੀਕੀ ਪ੍ਰਬੰਧ ਰਾਹੀਂ ਖਿਡਾਰੀ ਆਪਣੇ ਮੈਚ ਫਿਕਸਚਰ, ਪੂਲ ਟਾਈਮਿੰਗ, ਸਕੋਰਿੰਗ ਸ਼ੀਟਾਂ ਅਤੇ ਨਤੀਜੇ ਆਨਲਾਈਨ ਵੇਖ ਸਕੇ। ਇਸ ਨਾਲ ਮੁਕਾਬਲੇ ਪੂਰੀ ਪਾਰਦਰਸ਼ਤਾ ਅਤੇ ਉੱਚ ਤਕਨੀਕੀ ਮਿਆਰ ਨਾਲ ਸੰਪੰਨ ਹੋਏ।
ਮੁਕਾਬਲਿਆਂ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਚੀਫ ਕੋਚ ਸਮੀਪ੍ਰੀਤ ਕੌਰ, ਅੰਮ੍ਰਿਤਸਰ ਡਿਸਟ੍ਰਿਕਟ ਫੈਂਸਿੰਗ ਐਸੋਸੀਏਸ਼ਨ ਦੇ ਸਕੱਤਰ ਪ੍ਰੋ. ਨਿਰਮਲ ਸਿੰਘ, ਗੁਰਦਾਸਪੁਰ ਐਸੋਸੀਏਸ਼ਨ ਦੇ ਪ੍ਰਧਾਨ, ਸਕੱਤਰ, ਕੈਸ਼ੀਅਰ ਅਤੇ ਹੋਰ ਅਹੁਦੇਦਾਰ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
ਟੂਰਨਾਮੈਂਟ ਦੀ ਸਫਲਤਾ ਵਿੱਚ ਜੰਮੂ ਫੈਂਸਿੰਗ ਐਸੋਸੀਏਸ਼ਨ ਦੇ ਕੋਚ ਵਿਕਾਸ ਕੁਮਾਰ, ਗੁਰਦਾਸਪੁਰ ਦੀ ਕੋਚ ਸੋਨੀਆ (ਐਨ.ਆਈ.ਐਸ. ਡਿਪਲੋਮਾ ਹੋਲਡਰ) ਅਤੇ ਐਸੋਸੀਏਸ਼ਨ ਦੇ ਕੈਸ਼ੀਅਰ ਸ. ਰਣਜੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਸ. ਰਣਜੀਤ ਸਿੰਘ ਵੱਲੋਂ “Fencing Time Live” ਸਾਫਟਵੇਅਰ ਦੀ ਸੰਭਾਲ, ਖਿਡਾਰੀਆਂ ਦਾ ਡਾਟਾ ਆਨਲਾਈਨ ਅਪਲੋਡ ਕਰਨ ਅਤੇ ਸਕੋਰਿੰਗ ਸਮੇਤ ਹੋਰ ਟੈਕਨੀਕਲ ਡਿਊਟੀਆਂ ਬੇਹੱਦ ਸੁਚੱਜੇ ਢੰਗ ਨਾਲ ਨਿਭਾਈਆਂ ਗਈਆਂ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੀਨੀਅਰ ਵਿਦਿਆਰਥੀਆਂ ਅਤੇ ਕੋਚਾਂ ਵੱਲੋਂ ਯੂਰੀ ਅਤੇ ਹੋਰ ਤਕਨੀਕੀ ਜ਼ਿੰਮੇਵਾਰੀਆਂ ਨਿਰਪੱਖਤਾ ਨਾਲ ਨਿਭਾਈਆਂ ਗਈਆਂ।
ਮੁਕਾਬਲਿਆਂ ਦੇ ਨਤੀਜੇ ਹੇਠ ਲਿਖੇ ਰਹੇ—
ਇਪੀ ਇੰਡਿਵਿਜੁਅਲ ਗਰਲਜ਼
ਗੋਲਡ – ਜਸਕੀਰਤ ਕੌਰ
ਸਿਲਵਰ – ਗੁਰਸੀਰਤ ਘੁੰਮਣ
ਇਪੀ ਇੰਡਿਵਿਜੁਅਲ ਬੋਇਜ਼
ਗੋਲਡ – ਹਰਗੁਨ ਸਿੰਘ
ਸਿਲਵਰ – ਅਨਹਦ ਸਿੰਘ
ਬਰਾਂਜ਼ – ਲੁਕੇਸ਼ ਅਤਰੀ, ਰਾਦੇਸ਼ ਸ਼ਰਮਾ
ਫੌਇਲ ਇੰਡਿਵਿਜੁਅਲ ਗਰਲਜ਼
ਗੋਲਡ – ਹਰਜਪਜੀ
ਸਿਲਵਰ – ਜੈਸਮੀਨ ਕੌਰ
ਫੌਇਲ ਇੰਡਿਵਿਜੁਅਲ ਬੋਇਜ਼
ਗੋਲਡ – ਨਮਨਪ੍ਰੀਤ ਸਿੰਘ
ਸਿਲਵਰ – ਪ੍ਰਭਵੀਰ ਸਿੰਘ
ਬਰਾਂਜ਼ – ਤਮਨਪ੍ਰੀਤ ਸਿੰਘ
ਸੇਬਰ ਇੰਡਿਵਿਜੁਅਲ ਗਰਲਜ਼
ਗੋਲਡ – ਰਕਸ਼ਿਕਾ
ਸਿਲਵਰ – ਭੂਮਿਕਾ
ਸੇਬਰ ਇੰਡਿਵਿਜੁਅਲ ਬੋਇਜ਼
ਗੋਲਡ – ਮਨਰਾਜ ਸਿੰਘ
ਸਿਲਵਰ – ਐਰੋਨ
ਜ਼ਿਕਰਯੋਗ ਹੈ ਕਿ ਗੁਰਦਾਸਪੁਰ ਜ਼ਿਲ੍ਹਾ ਪਹਿਲਾਂ ਤੋਂ ਹੀ ਫੈਂਸਿੰਗ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਾ ਆ ਰਿਹਾ ਹੈ। ਜ਼ਿਲ੍ਹੇ ਦੇ ਕਈ ਖਿਡਾਰੀ ਕੌਮਾਂਤਰੀ ਪੱਧਰ ‘ਤੇ ਦੇਸ਼ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰ ਚੁੱਕੇ ਹਨ। ਜਗਮੀਤ ਕੌਰ (ਸੈਫ ਗੇਮਜ਼ ਗੋਲਡ ਮੈਡਲਿਸਟ), ਅਗਮਵੀਰ ਸਿੰਘ (ਏਸ਼ੀਅਨ ਚੈਂਪੀਅਨਸ਼ਿਪ ਮੈਡਲਿਸਟ) ਅਤੇ ਵਰਿੰਦਰਜੀਤ ਸਿੰਘ (ਸੈਫ ਗੇਮਜ਼ ਗੋਲਡ ਮੈਡਲਿਸਟ) ਵਰਗੇ ਖਿਡਾਰੀ ਇਸਦੀ ਮਿਸਾਲ ਹਨ।
ਮੁਕਾਬਲਿਆਂ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ 1 ਤੋਂ 3 ਮਈ 2026 ਤੱਕ ਸੰਗਰੂਰ ਵਿਖੇ ਹੋਣ ਵਾਲੀ ਸਟੇਟ ਫੈਂਸਿੰਗ ਚੈਂਪੀਅਨਸ਼ਿਪ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਗੇ।
ਗੁਰਦਾਸਪੁਰ ਫੈਂਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਸ. ਜਗਤਾਰ ਸਿੰਘ ਅਤੇ ਸਕੱਤਰ ਸ. ਕੁਲਜਿੰਦਰ ਸਿੰਘ ਨੇ ਕਿਹਾ ਕਿ ਸਰਕਾਰੀ ਵਿੱਤੀ ਸਹਾਇਤਾ ਨਾ ਮਿਲਣ ਦੇ ਬਾਵਜੂਦ ਐਸੋਸੀਏਸ਼ਨ ਆਪਣੇ ਪੱਧਰ ‘ਤੇ ਖਿਡਾਰੀਆਂ ਨੂੰ ਉੱਚ ਪੱਧਰੀ ਸਹੂਲਤਾਂ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਹੋਰ ਵੱਡੇ ਅਤੇ ਕੌਮੀ ਪੱਧਰ ਦੇ ਟੂਰਨਾਮੈਂਟ ਵੀ ਆਯੋਜਿਤ ਕੀਤੇ ਜਾਣਗੇ।

ਇਹ ਟੂਰਨਾਮੈਂਟ ਗੁਰਦਾਸਪੁਰ ਦੇ ਫੈਂਸਿੰਗ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਸਾਬਤ ਹੋਇਆ ਹੈ ਅਤੇ ਪੰਜਾਬ ਵਿੱਚ ਫੈਂਸਿੰਗ ਖੇਡ ਦੇ ਵਿਕਾਸ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।










