ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 6 ਮਈ
ਖਾਲਸਾ ਸਪੋਰਟਸ ਅਕੈਡਮੀ ਗੁਰਦਾਸਪੁਰ ਦੇ ਫੈਂਸਿੰਗ (ਤਲਵਾਰਬਾਜੀ) ਖਿਡਾਰੀਆਂ ਨੇ ਸੰਗਰੂਰ ਵਿਖੇ ਹੋਈ ਰਾਜ ਪੱਧਰੀ ਅੰਡਰ-17 ਫੈਂਸਿੰਗ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੱਕ ਸੋਨੇ ਅਤੇ ਚਾਰ ਕਾਂਸੇ ਦੇ ਤਗਮਿਆਂ ਸਮੇਤ ਕੁੱਲ ਪੰਜ ਤਗਮੇ ਜਿੱਤ ਕੇ ਜ਼ਿਲ੍ਹਾ ਗੁਰਦਾਸਪੁਰ, ਅਕੈਡਮੀ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਅਕੈਡਮੀ ਦੇ ਤਿੰਨ ਖਿਡਾਰੀਆਂ ਦੀ ਨੈਸ਼ਨਲ ਚੈਂਪੀਅਨਸ਼ਿਪ ਲਈ ਚੋਣ ਹੋਣਾ ਜ਼ਿਲ੍ਹੇ ਲਈ ਮਾਣ ਵਾਲੀ ਪ੍ਰਾਪਤੀ ਮੰਨੀ ਜਾ ਰਹੀ ਹੈ।
ਖਾਲਸਾ ਸਪੋਰਟਸ ਅਕੈਡਮੀ ਦੇ ਪ੍ਰਿੰਸੀਪਲ ਹਰਜਿੰਦਰ ਸਿੰਘ, ਫੈਂਸਿੰਗ ਕੋਚ ਮਨਦੀਪ ਸਿੰਘ ਵਿੱਕੀ ਅਤੇ ਕੋਚ ਹਰਦੀਪ ਸਿੰਘ ਨੇ ਦੱਸਿਆ ਕਿ ਸੰਗਰੂਰ ਵਿਖੇ ਕਰਵਾਈ ਗਈ ਰਾਜ ਪੱਧਰੀ ਚੈਂਪੀਅਨਸ਼ਿਪ ਵਿੱਚ ਅਕੈਡਮੀ ਦੇ ਖਿਡਾਰੀਆਂ ਨੇ ਵੱਖ-ਵੱਖ ਈਵੈਂਟਾਂ ਵਿੱਚ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਸੈਬਰ ਵਿਅਕਤੀਗਤ ਮੁਕਾਬਲਿਆਂ ਵਿੱਚ ਮਨਰਾਜ ਸਿੰਘ ਨੇ ਸੋਨੇ ਦਾ ਤਗਮਾ ਜਿੱਤਿਆ, ਜਦਕਿ ਐਰੋਨ ਕੁਮਾਰ ਨੇ ਕਾਂਸੇ ਦਾ ਤਗਮਾ ਆਪਣੇ ਨਾਮ ਕੀਤਾ। ਇੱਪੀ ਵਿਅਕਤੀਗਤ ਮੁਕਾਬਲਿਆਂ ਵਿੱਚ ਹਰਗੁਣ ਸਿੰਘ ਨੇ ਕਾਂਸੇ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਇੱਪੀ ਟੀਮ ਮੁਕਾਬਲਿਆਂ ਵਿੱਚ ਹਰਗੁਣ ਸਿੰਘ ਅਤੇ ਅਨਹਦ ਸਿੰਘ ਨੇ ਕਾਂਸੇ ਦੇ ਤਗਮੇ ਹਾਸਲ ਕੀਤੇ।
ਚੰਗੇ ਪ੍ਰਦਰਸ਼ਨ ਦੇ ਆਧਾਰ ’ਤੇ ਮਨਰਾਜ ਸਿੰਘ, ਐਰੋਨ ਕੁਮਾਰ ਅਤੇ ਹਰਗੁਣ ਸਿੰਘ ਦੀ ਨੈਸ਼ਨਲ ਫੈਂਸਿੰਗ ਚੈਂਪੀਅਨਸ਼ਿਪ ਲਈ ਚੋਣ ਹੋਈ ਹੈ।
ਪ੍ਰਿੰਸੀਪਲ ਹਰਜਿੰਦਰ ਸਿੰਘ ਅਤੇ ਕੋਚਾਂ ਨੇ ਕਿਹਾ ਕਿ ਰਾਜ ਪੱਧਰ ’ਤੇ ਤਗਮੇ ਜਿੱਤਣ ਦੇ ਨਾਲ ਤਿੰਨ ਖਿਡਾਰੀਆਂ ਦੀ ਨੈਸ਼ਨਲ ਪੱਧਰ ਲਈ ਚੋਣ ਹੋਣਾ ਅਕੈਡਮੀ ਅਤੇ ਜ਼ਿਲ੍ਹੇ ਲਈ ਬਹੁਤ ਮਾਣ ਵਾਲੀ ਗੱਲ ਹੈ।
ਅਕੈਡਮੀ ਪਹੁੰਚਣ ’ਤੇ ਤਗਮਾ ਜੇਤੂ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਹਰਜਿੰਦਰ ਸਿੰਘ ਨੇ ਖਿਡਾਰੀਆਂ, ਉਨ੍ਹਾਂ ਦੇ ਕੋਚਾਂ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਹੋਰ ਨੌਜਵਾਨਾਂ ਨੂੰ ਵੀ ਖੇਡਾਂ ਵੱਲ ਪ੍ਰੇਰਿਤ ਕਰਨਗੀਆਂ।

ਕੈਪਸ਼ਨ: ਖਾਲਸਾ ਸਪੋਰਟਸ ਅਕੈਡਮੀ ਗੁਰਦਾਸਪੁਰ ਦੇ ਤਗਮਾ ਜੇਤੂ ਫੈਂਸਿੰਗ ਖਿਡਾਰੀਆਂ ਨਾਲ ਪ੍ਰਿੰਸੀਪਲ ਹਰਜਿੰਦਰ ਸਿੰਘ, ਕੋਚ ਮਨਦੀਪ ਸਿੰਘ ਵਿੱਕੀ ਅਤੇ ਕੋਚ ਹਰਦੀਪ ਸਿੰਘ।










