Share & like

ਕਿਹਾ ਕਿ ਬਰਸਾਤੀ ਮੌਸਮ ਦੌਰਾਨ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣਾ ਪ੍ਰਾਥਮਿਕਤਾ

ਰਾਜੇਸ਼ ਕੁਮਾਰ ਆਮਲਾ/ਰੋਜ਼ਾਨਾ ਖ਼ਬਰ
ਮਾਲੇਰਕੋਟਲਾ/ਸੰਗਰੂਰ, 6 ਸਤੰਬਰ
ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੇ ਨਿਰਦੇਸ਼ਾਂ ਅਧੀਨ ਸਹਾਇਕ ਕਮਿਸ਼ਨਰ (ਜਨਰਲ) ਰਾਕੇਸ਼ ਗਰਗ ਨੇ ਅੱਜ ਸਥਾਨਕ ਸਿਵਲ ਹਸਪਤਾਲ ਦਾ ਅਚਨਚੇਤ ਨਿਰੀਖਣ ਕੀਤਾ। ਉਹ ਆਮ ਵਿਅਕਤੀ ਦੇ ਰੂਪ ਵਿੱਚ (ਹੁਲੀਆ ਬਦਲ ਕੇ) ਹਸਪਤਾਲ ਪਹੁੰਚੇ ਤਾਂ ਜੋ ਸੇਵਾਵਾਂ ਦੀ ਅਸਲੀ ਹਾਲਤ ਦਾ ਜਾਇਜ਼ਾ ਲਿਆ ਜਾ ਸਕੇ।

ਨਿਰੀਖਣ ਦੌਰਾਨ ਉਨ੍ਹਾਂ ਨੇ ਐਮਰਜੈਂਸੀ ਵਾਰਡ, ਓਪੀਡੀ, ਦਵਾਈਆਂ ਦੇ ਸਟਾਕ, ਲੈਬ, ਡਿਊਟੀ ਰੋਸਟਰ ਅਤੇ ਸਫਾਈ ਪ੍ਰਣਾਲੀ ਨੂੰ ਖੰਗਾਲਿਆ। ਉਨ੍ਹਾਂ ਨੇ ਡਾਕਟਰਾਂ ਅਤੇ ਸਟਾਫ਼ ਨੂੰ ਸਪੱਸ਼ਟ ਹੁਕਮ ਦਿੱਤਾ ਕਿ ਮਲੇਰੀਆ, ਡੇਂਗੂ, ਟਾਇਫਾਇਡ ਵਰਗੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਤੁਰੰਤ ਇਲਾਜ ਮਿਲਣਾ ਚਾਹੀਦਾ ਹੈ।
ਰਾਕੇਸ਼ ਗਰਗ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਨ ਲਈ ਵਚਨਬੱਧ ਹਨ। ਸਿਵਲ ਹਸਪਤਾਲਾਂ ਅਤੇ ਹੋਰ ਕੇਂਦਰਾਂ ਵਿੱਚ ਦਵਾਈਆਂ ਅਤੇ ਸਟਾਫ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਸਿਹਤ ਅਧਿਕਾਰੀਆਂ ਨੂੰ ਹਸਪਤਾਲਾਂ ਦੀ ਸਫ਼ਾਈ ਤੇ ਪਾਣੀ ਸਟੋਰੇਜ ਟੈਂਕਾਂ ਦੀ ਨਿਯਮਿਤ ਜਾਂਚ ਕਰਨ ਲਈ ਵੀ ਕਿਹਾ।
ਮੌਕੇ ’ਤੇ ਮੌਜੂਦ ਡਾਕਟਰਾਂ ਅਤੇ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਮਰੀਜ਼ਾਂ ਨੂੰ ਹਰ ਸਹੂਲਤ ਵਕਤ-ਸਿਰ ਮਿਲੇਗੀ।
ਸਹਾਇਕ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ, ਪਾਣੀ ਖੜ੍ਹਾ ਨਾ ਹੋਣ ਦੇਣ, ਸਾਫ਼ ਸਫ਼ਾਈ ਰੱਖਣ ਅਤੇ ਲੱਛਣ ਦਿਖਣ ’ਤੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕਰਨ।
ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਕਿਹਾ ਕਿ ਜ਼ਿਲ੍ਹੇ ਦੇ ਹਰ ਹਸਪਤਾਲ ਦੀ ਨਿਯਮਿਤ ਨਿਗਰਾਨੀ ਹੋ ਰਹੀ ਹੈ। ਅਵਾਮ ਦੀ ਜਾਨ ਤੇ ਸਿਹਤ ਦੀ ਰੱਖਿਆ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਅਤੇ ਕਿਸੇ ਵੀ ਹਾਲਤ ਵਿੱਚ ਲੋਕਾਂ ਨੂੰ ਸਿਹਤ ਸੇਵਾਵਾਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ।


Share & like

Leave a Reply