Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਪਠਾਨਕੋਟ, 6 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਹੈ ਕਿ ਹੜ੍ਹ ਪ੍ਰਭਾਵਤ ਖੇਤਰਾਂ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਸਾਰੇ ਬੈਂਕ ਅਤੇ ਸਹਿਕਾਰੀ ਸਭਾਵਾਂ ਵਾਲੇ ਕਰਜ਼ੇ ਮੁਆਫ ਕੀਤੇ ਜਾਣ। ਉਹਨਾਂ ਕਿਹਾ ਕਿ ਫਸਲਾਂ ਦੇ ਨਾਲ-ਨਾਲ ਘਰਾਂ, ਦੁਕਾਨਾਂ ਅਤੇ ਹੋਰ ਥਾਵਾਂ ਦੇ ਨੁਕਸਾਨ ਲਈ ਤੁਰੰਤ ਅੰਤਰਿਮ ਮੁਆਵਜ਼ਾ ਦਿੱਤਾ ਜਾਵੇ।

ਸੁਖਬੀਰ ਬਾਦਲ ਨੇ ਭੋਆ ਹਲਕੇ ਦੇ ਕਥਲੌਰ ਸਮੇਤ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਜਿੱਥੇ ਹੜ੍ਹਾਂ ਕਾਰਨ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਉਹਨਾਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਅਕਾਲੀ ਦਲ ਉਨ੍ਹਾਂ ਦੀ ਮਦਦ ਲਈ ਟਰੈਕਟਰ, ਜੇਸੀਬੀ ਅਤੇ ਲੇਜ਼ਰ ਲੈਵਲਰ ਮੁਹੱਈਆ ਕਰਵਾਏਗਾ ਤਾਂ ਜੋ ਖੇਤਾਂ ਵਿਚੋਂ ਰੇਤਾ ਕੱਢ ਕੇ ਫ਼ਸਲਾਂ ਦੀ ਬੀਜਾਈ ਮੁੜ ਸ਼ੁਰੂ ਹੋ ਸਕੇ।
ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ 500 ਤੋਂ ਵੱਧ ਏਕੜ ਵਿੱਚ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ ਅਤੇ 20 ਤੋਂ 25 ਪਿੰਡ ਹਜੇ ਵੀ ਖ਼ਤਰੇ ਹੇਠ ਹਨ।
ਸੁਖਬੀਰ ਬਾਦਲ ਨੇ ਆਪ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਕਿ ਹੜ੍ਹ ਪੀੜਤਾਂ ਨੂੰ ਕੋਈ ਅੰਤਰਿਮ ਰਾਹਤ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ’ਚ ਆਪ ਸਰਕਾਰ ਨਾਕਾਮ ਰਹੀ ਹੈ ਅਤੇ ਲੋਕਾਂ ਨੂੰ ਆਪਣੇ ਹਾਲ ’ਤੇ ਛੱਡ ਦਿੱਤਾ ਗਿਆ ਹੈ।
ਬਾਦਲ ਨੇ ਵਾਅਦਾ ਕੀਤਾ ਕਿ ਅਕਾਲੀ ਦਲ ਹੜ੍ਹ ਪੀੜਤਾਂ ਦੇ ਨਾਲ ਖੜ੍ਹਾ ਹੈ ਅਤੇ 2027 ਵਿੱਚ ਸਰਕਾਰ ਬਣਨ ’ਤੇ ਕਿਸਾਨਾਂ ਦੇ ਪੁਰਾਣੇ ਕਰਜ਼ੇ ਵੀ ਮੁਆਫ ਕੀਤੇ ਜਾਣਗੇ।

ਇਸ ਮੌਕੇ ਉਹਨਾਂ ਨਾਲ ਗੁਰਬਚਨ ਸਿੰਘ ਬੱਬੇਹਾਲੀ, ਰਵੀ ਮੋਹਨ ਤੇ ਹੋਰ ਆਗੂ ਵੀ ਮੌਜੂਦ ਸਨ।


Share & like

Leave a Reply