ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਸੰਗਰੂਰ, 3 ਅਗਸਤ
ਪਿੰਡ ਨਮੋਲ ਵਿਚ ਬੀਤੀ ਰਾਤ ਚੋਰ ਇੱਕ ਘਰ ’ਚੋਂ 92 ਤੋਲੇ ਸੋਨੇ ਦੇ ਗਹਿਣੇ ਅਤੇ 2.35 ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ। ਪੁਲੀਸ ਨੇ ਮਾਮਲਾ ਦਰਜ਼ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦੇ ਅਨੁਸਾਰ ਚੋਰ ਰਾਤ ਵੇਲੇ ਘਰ ਦੇ ਪਿੱਛੋਂ ਦੀ ਕੰਧ ਟੱਪ ਕੇ ਘਰ ਅੰਦਰ ਦਾਖਲ ਹੋਏ। ਘਰ ਦੇ ਮੈਂਬਰ ਅੰਦਰ ਨਵੀਂ ਬਣੀ ਕੋਠੀ ਦੇ ਪਿਛਲੇ ਪਾਸੇ ਪੁਰਾਣੇ ਘਰ ਵਿੱਚ ਇੱਕ ਕਮਰੇ ’ਚ ਸੁੱਤੇ ਹੋਏ ਸਨ। ਮਕਾਨ ਮਾਲਕ ਚੂਹੜ ਸਿੰਘ ਨੇ ਦੱਸਿਆ ਕਿ ਉਹ, ਉਸ ਦੀ ਪਤਨੀ, ਉਸ ਦੀ ਨੂੰਹ ਅਤੇ ਉਸ ਦੀ ਪੋਤੀ ਇੱਕ ਕਮਰੇ ਵਿੱਚ ਸੁੱਤੇ ਹੋਏ ਸਨ। ਰਾਤ 12 ਤੋਂ ਲੈ ਕੇ ਤਿੰਨ ਵਜੇ ਦੇ ਵਿਚਾਲੇ ਚੋਰ ਘਰ ਵਿੱਚ ਦਾਖਲ ਹੋਵੋ ਹਨ। ਉਨ੍ਹਾਂ ਦੱਸਿਆ ਕਿ ਸਟੋਰ ਰੂਮ ਦਾ ਦਰਵਾਜ਼ਾ ਤੋੜ ਕੇ ਅੰਦਰ ਪਈਆਂ ਪੇਟੀਆਂ ਅਤੇ ਅਲਮਾਰੀਆਂ ਵਿੱਚ ਪਿਆ ਸੋਨਾ ਅਤੇ ਦੂਸਰੇ ਦੋ ਬੈਡਰੂਮਾਂ ਵਿੱਚ ਅਲਮਾਰੀਆਂ ਦੇ ਅੰਦਰ ਪਏ ਗਹਿਣੇ ਲੈ ਕੇ ਘਰ ਦੇ ਪਿਛਲੇ ਗੇਟ ਰਾਹੀਂ ਭੱਜੇ ਹਨ। ਉਸ ਦੇ ਭਤੀਜੇ ਰਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਚਚੇਰੇ ਭਰਾ ਤੇ ਭੈਣ ਵਿਦੇਸ਼ ਰਹਿੰਦੇ ਹਨ ਜਿਨ੍ਹਾਂ ਦੇ ਵਿਆਹ ਦੇ ਗਹਿਣੇ ਸੀ। ਪੁਲੀਸ ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਪੁਲੀਸ ਵੱਲੋਂ ਨੇੜਲੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ ਅਤੇ ਫਿੰਗਰ ਪ੍ਰਿੰਟ ਰਾਹੀਂ ਬਿਊਰੋ ਦੀ ਹੈਲਪ ਲੈ ਕੇ ਜਾਂਚ ਕੀਤੀ ਜਾ ਰਹੀ ਹੈ।











