ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 3 ਅਗਸਤ
ਤੇਲੰਗਾਨਾ ਵਿੱਚ ਰੇਲ ਸਫ਼ਰ ਦੌਰਾਨ ਗੁਰਦਾਸਪੁਰ ਦੇ ਪਿੰਡ ਮੱਲਾਂਵਾਲ ਵਾਸੀ ਨੌਜਵਾਨ ਦੀ ਸ਼ੱਕੀ ਹਲਾਤ ‘ਚ ਮੌਤ ਹੋ ਗਈ। ਵਿਦੇਸ਼ ਜਾਣ ਲਈ ਉਸਨੇ ਚੇਨਈ ਤੋਂ ਫਲਾਈਟ ਫੜਨੀ ਸੀ।
ਨੌਜਵਾਨ ਦੀ ਪਛਾਣ ਮੁੱਲਾਂ ਵਾਲ ਵਾਸੀ ਪਲਵਿੰਦਰ ਸਿੰਘ (21) ਵੱਜੋਂ ਹੋਈ ਹੈ।
ਜਾਣਕਾਰੀ ਦੇ ਅਨੁਸਾਰ ਪਲਵਿੰਦਰ ਸਿੰਘ ਪਹਿਲਾਂ ਵੀ ਇੱਕ ਵਾਰ ਯੂਰਪ ਨੇੜਲੇ ਅਰਮੀਨੀਆ ਮੁਲਕ ਵਿੱਚ ਕੁਝ ਸਮਾਂ ਨੌਕਰੀ ਕਰਕੇ ਘਰ ਪਰਤਿਆ ਸੀ ਅਤੇ ਹੁਣ ਉਸਨੇ 30 ਜੁਲਾਈ ਨੂੰ ਮੁੜ ਅਰਮੀਨੀਆ ਜਾਣ ਲਈ ਘਰੋਂ ਨਿਕਲਿਆ ਸੀ। ਮ੍ਰਿਤਕ ਦੇ ਪਿਤਾ ਹਰਦੀਪ ਸਿੰਘ ਨੇ ਦੱਸਿਆ ਕਿ ਪਲਵਿੰਦਰ ਸਿੰਘ ਦਿੱਲੀ ਤੋਂ ਚੇਨਈ ਲਈ ਰੇਲ ਰਾਹੀਂ ਜਾਂ ਰਿਹਾ ਸੀ। ਜਦੋਂ ਸ਼ਹਿਰ ਵਿਜੇਵਾੜਾ ਦੇ ਕਸਬਾ ਖੰਮਮ ਨੇੇੜੇ ਪਹੁੰਚਿਆ ਉਸਦੀ ਮੌਤ ਹੋ ਗਈ। ਤੇਲੰਗਾਨਾ ਦੇ ਪੰਜਾਬੀ ਲੋਕਾਂ ਅਤੇ ਰਿਸ਼ਤੇਦਾਰਾਂ ਨੇ ਮੌਤ ਦੀ ਖ਼ਬਰ ਦਿੱਤੀ। ਉਨ੍ਹਾਂ ਦੱਸਿਆ ਕਿ ਮੌਤ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਚੱਲਿਆ ਹੈ। ਸਾਬਕਾ ਸਰਪੰਚ ਬਲਵਿੰਦਰ ਸਿੰਘ, ਮ੍ਰਿਤਕ ਦੇ ਮਾਮਾ ਦਲਵਿੰਦਰ ਸਿੰਘ ਅਤੇ ਕਿਸਾਨ ਆਗੂ ਸੁਖਵਿੰਦਰ ਸਿੰਘ ਮੁੱਲਾਂਵਾਲ ਨੇ ਕਿਹਾ ਕਿ ਪਰਿਵਾਰ ਦੀ ਵਿੱਤੀ ਹਾਲਤ ਚੰਗੀ ਨਹੀਂ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਪਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਉਣ ਲਈ ਮਦਦ ਦੀ ਗੁਹਾਰ ਲਗਾਈ ਹੈ।











