Share & like

ਜੇਤੂਆਂ ਨੂੰ ਇਨਾਮ ਵੰਡ ਕੇ ਕੀਤਾ ਗਿਆ ਸਨਮਾਨਿਤ, ਓਵਰਆਲ ਟਰਾਫੀ ਵਜ਼ੀਰਪੁਰ ਸੈਂਟਰ ਨੇ ਜਿੱਤੀ

ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 29 ਅਕਤੂਬਰ
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਆਯੋਜਿਤ ਪ੍ਰਾਇਮਰੀ ਖੇਡਾਂ ਤਹਿਤ ਬਲਾਕ ਦੌਰਾਂਗਲਾ ਵਿੱਚ ਦੋ ਰੋਜ਼ਾ ਖੇਡ ਮੇਲਾ ਸ਼ਾਨਦਾਰ ਢੰਗ ਨਾਲ ਸਫਲਤਾਪੂਰਵਕ ਸੰਪੰਨ ਹੋਇਆ। ਖੇਡ ਮੇਲੇ ਦੇ ਸਮਾਪਨ ਸਮਾਰੋਹ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਨਰੇਸ਼ ਕੁਮਾਰ ਪਨਿਆੜ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਟੁੱਟ ਹਿੱਸਾ ਹਨ, ਜਿਹੜੀਆਂ ਨਾ ਸਿਰਫ਼ ਸਰੀਰਕ ਤੰਦਰੁਸਤੀ ਲਈ ਜ਼ਰੂਰੀ ਹਨ, ਸਗੋਂ ਅਨੁਸ਼ਾਸਨ, ਟੀਮ ਸਪਿਰਟ ਅਤੇ ਸਮਰਪਣ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ।

ਖੇਡ ਮੇਲੇ ਦੇ ਦੂਜੇ ਤੇ ਆਖਰੀ ਦਿਨ ਕਬੱਡੀ, ਖੋ-ਖੋ, ਬੈਡਮਿੰਟਨ, ਸ਼ਤਰੰਜ ਅਤੇ ਰੱਸਾਕਸੀ ਦੇ ਰੋਮਾਂਚਕ ਮੁਕਾਬਲੇ ਕਰਵਾਏ ਗਏ। ਬਲਾਕ ਸਪੋਰਟਸ ਅਫਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹ ਅਤੇ ਜਜ਼ਬੇ ਨਾਲ ਭਾਗ ਲਿਆ, ਜਿਸ ਨਾਲ ਖੇਡ ਮੈਦਾਨ ਨੂੰ ਚਾਰ ਚੰਨ ਲਗ ਗਏ।
ਮੁੰਡਿਆਂ ਦੀ ਕਬੱਡੀ ਵਿੱਚ ਵਜ਼ੀਰਪੁਰ ਸੈਂਟਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਹਨਾ ਸੈਂਟਰ ਨੂੰ ਹਰਾਇਆ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਲੜਕੀਆਂ ਦੀ ਕਬੱਡੀ ਵਿੱਚ ਵੀ ਵਜ਼ੀਰਪੁਰ ਸੈਂਟਰ ਨੇ ਬਾਜ਼ੀ ਮਾਰੀ, ਜਦਕਿ ਮਰਾੜਾ ਸੈਂਟਰ ਦੂਜੇ ਸਥਾਨ ’ਤੇ ਰਿਹਾ।

ਖੋ-ਖੋ ਮੁਕਾਬਲਿਆਂ ਵਿੱਚ ਲੜਕਿਆਂ ਵੱਲੋਂ ਕਾਹਨਾ ਸੈਂਟਰ ਨੇ ਵਜ਼ੀਰਪੁਰ ਸੈਂਟਰ ਨੂੰ ਹਰਾਇਆ, ਜਦਕਿ ਲੜਕੀਆਂ ਵਿੱਚ ਮਰਾੜਾ ਸੈਂਟਰ ਨੇ ਵਜ਼ੀਰਪੁਰ ਸੈਂਟਰ ਨੂੰ 13-3 ਦੇ ਵੱਡੇ ਫਰਕ ਨਾਲ ਹਰਾਕੇ ਖਿਤਾਬ ਜਿੱਤਿਆ।
ਰੱਸਾਕਸੀ ਦੇ ਮੁਕਾਬਲੇ ਦੌਰਾਨ ਦਰਸ਼ਕਾਂ ਵਿੱਚ ਖਾਸ ਰੁਝਾਨ ਦੇਖਿਆ ਗਿਆ। ਇਹ ਮੁਕਾਬਲਾ ਕਾਫ਼ੀ ਦਿਲਚਸਪ ਰਿਹਾ ਜਿਸ ਵਿੱਚ ਨੋਸ਼ਹਿਰਾ ਸੈਂਟਰ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਵਜ਼ੀਰਪੁਰ ਸੈਂਟਰ ਨੂੰ ਹਰਾਕੇ ਜਿੱਤ ਹਾਸਲ ਕੀਤੀ।

ਮੁਕਾਬਲਿਆਂ ਵਿੱਚ ਹਰਮਨਪ੍ਰੀਤ ਸਿੰਘ (ਸੈਂਟਰ ਡੁਗਰੀ) ਨੇ ਪਹਿਲਾ ਅਤੇ ਹਰਿਕ੍ਰਿਸ਼ਨਾ (ਸੈਂਟਰ ਵਜ਼ੀਰਪੁਰ) ਨੇ ਦੂਸਰਾ ਸਥਾਨ ਹਾਸਲ ਕੀਤਾ।
ਸ਼ਤਰੰਜ ਵਿੱਚ ਗੁਰਜੋਤ ਸਿੰਘ (ਚੌਂਤਰਾ) ਨੇ ਪਹਿਲਾ ਤੇ ਵੰਸ਼ਦੀਪ ਸਿੰਘ (ਚੌਂਤਰਾ) ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਸਭ ਖੇਡਾਂ ਦੇ ਸਮੂਹਕ ਨਤੀਜਿਆਂ ਅਨੁਸਾਰ ਓਵਰਆਲ ਟਰਾਫੀ ਵਜ਼ੀਰਪੁਰ ਸੈਂਟਰ ਨੇ ਵੱਡੇ ਫਰਕ ਨਾਲ ਜਿੱਤੀ।

ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨਰੇਸ਼ ਪਨਿਆੜ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ ਅਤੇ ਖੇਡ ਆਯੋਜਕਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਖੇਡ ਮੇਲੇ ਵਿਦਿਆਰਥੀਆਂ ਦੇ ਵਿਅਕਤੀਗਤ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਖੇਡ ਮੇਲੇ ਦੇ ਸਮਾਪਨ ਮੌਕੇ ਸਭ ਨੇ ਮਿਲ ਕੇ ਖਿਡਾਰੀਆਂ ਦਾ ਹੌਸਲਾ ਵਧਾਇਆ ਅਤੇ ਖੇਡਾਂ ਦੇ ਸਫਲ ਆਯੋਜਨ ਲਈ ਖੇਡ ਵਿਭਾਗ ਦੀ ਟੀਮ ਨੂੰ ਵਧਾਈ ਦਿੱਤੀ।

ਸਮਾਰੋਹ ਦੌਰਾਨ ਸੈਂਟਰ ਹੈੱਡ ਟੀਚਰ ਮੈਡਮ ਸ਼ਸ਼ੀ, ਗੁਰਪ੍ਰੀਤ ਸਿੰਘ ਮਾਨ, ਗੁਰਪ੍ਰੀਤ ਸਿੰਘ ਬਾਜਵਾ, ਰਵੀ ਕੁਮਾਰ, ਮਦਨ ਗੋਪਾਲ, ਰਜਨੀ ਪ੍ਰਕਾਸ਼, ਜੋਤ ਪ੍ਰਕਾਸ਼ ਸਿੰਘ, ਰਮਨ ਕੁਮਾਰ, ਰਾਜਵਿੰਦਰ ਸਿੰਘ, ਪ੍ਰਦੀਪ ਕੁਮਾਰ, ਹਰਜੀਤ ਸਿੰਘ, ਸਤਿੰਦਰ ਸਿੰਘ ਸੰਘੌਰ, ਕੁਲਬੀਰ ਸਿੰਘ, ਦਰਸ਼ਨ ਪਾਲ, ਅਰੁਣ ਕੁਮਾਰ, ਸੌਰਵ ਗੁਪਤਾ, ਜੀਵਨ ਲਤਾ, ਅੰਜੂ ਬਾਲਾ ਅਤੇ ਸਰਬਜੀਤ ਕੌਰ ਸਮੇਤ ਅਨੇਕ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।


Share & like

Leave a Reply