ਖੇਡਾਂ ਅਨੁਸ਼ਾਸਨ, ਮਿਲਵਰਤਨ ਤੇ ਭਾਈਚਾਰਕ ਸਾਂਝ ਵਰਗੇ ਗੁਣ ਪੈਦਾ ਕਰਦੀਆਂ ਹਨ: ਬੀਪੀਈਓ ਰਾਕੇਸ਼ ਕੁਮਾਰ
ਰਿਪੋਰਟ: ਜਤਿੰਦਰ ਬੈਂਸ, ਸੰਪਾਦਕ ਰੋਜ਼ਾਨਾ ਖ਼ਬਰ
ਗੁਰਦਾਸਪੁਰ, 19 ਅਕਤੂਬਰ
“ਖੇਡੋ ਪੰਜਾਬ” ਮੁਹਿੰਮ ਤਹਿਤ ਸਿੱਖਿਆ ਬਲਾਕ ਗੁਰਦਾਸਪੁਰ-2 ਦੇ ਅਧੀਨ ਆਉਣ ਵਾਲੇ ਸੈਂਟਰ ਹੱਲਾ ਵਿੱਚ ਕਲਸਟਰ ਪੱਧਰੀ ਖੇਡ ਮੁਕਾਬਲੇ ਉਤਸ਼ਾਹਪੂਰਵਕ ਕਰਵਾਏ ਗਏ। ਇਹ ਮੁਕਾਬਲੇ ਬਲਾਕ ਸਿੱਖਿਆ ਅਫ਼ਸਰ ਸ੍ਰੀ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਭੁਕਰਾ ਵਿਖੇ ਆਯੋਜਿਤ ਕੀਤੇ ਗਏ। ਖੇਡਾਂ ਵਿੱਚ ਸੈਂਟਰ ਦੇ ਕੁੱਲ ਨੌਂ ਸਕੂਲਾਂ ਦੇ ਬੱਚਿਆਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੇ-ਆਪਣੇ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਇਨ੍ਹਾਂ ਮੁਕਾਬਲਿਆਂ ਵਿੱਚ ਅਥਲੈਟਿਕਸ, ਕੁਸ਼ਤੀ, ਕਬੱਡੀ, ਯੋਗਾ, ਸ਼ਤਰੰਜ, ਖੋ-ਖੋ, ਬੈਡਮਿੰਟਨ, ਗੋਲਾ ਸੁੱਟਣਾ ਅਤੇ ਰੱਸਾਕਸੀ ਵਰਗੀਆਂ ਵੱਖ-ਵੱਖ ਖੇਡਾਂ ਦਾ ਆਯੋਜਨ ਕੀਤਾ ਗਿਆ। ਹਰ ਖੇਡ ਵਿੱਚ ਬੱਚਿਆਂ ਦੀ ਤਿਆਰੀ ਤੇ ਉਤਸ਼ਾਹ ਸਾਫ਼ ਦਿਖਾਈ ਦਿੱਤਾ।
ਖੇਡਾਂ ਦੇ ਨਤੀਜਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸਾਧੂਚੱਕ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤੇ।

ਲਵਪ੍ਰੀਤ (ਲੜਕੇ) ਨੇ ਸ਼ਤਰੰਜ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ।
ਸਹਿਜ ਮਹਿਰਾ (ਲੜਕੀਆਂ) ਨੇ ਸ਼ਤਰੰਜ ਵਿੱਚ ਹੀ ਪਹਿਲਾ ਸਥਾਨ ਹਾਸਲ ਕਰਦਿਆਂ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ।
ਥੋਮਸ (ਲੜਕੇ) ਨੇ ਬੈਡਮਿੰਟਨ ਅਤੇ 400 ਮੀਟਰ ਦੌੜ ਦੋਵੇਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਜਿੱਤ ਕੇ ਸਕੂਲ ਦਾ ਮਾਣ ਵਧਾਇਆ।
ਇਸ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਬਰਨਾਲਾ ਦੇ ਵੰਸ਼ ਨੇ ਕੁਸ਼ਤੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਹੋਰ ਸਕੂਲਾਂ ਦੇ ਬੱਚਿਆਂ ਨੇ ਵੀ ਵੱਖ-ਵੱਖ ਖੇਡਾਂ ਵਿੱਚ ਬੇਹਤਰੀਨ ਪ੍ਰਦਰਸ਼ਨ ਕਰਦੇ ਹੋਏ ਪ੍ਰਸ਼ੰਸਾ ਹਾਸਲ ਕੀਤੀ।

ਮੁਕਾਬਲਿਆਂ ਦੇ ਸਮਾਪਨ ਉਪਰੰਤ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜੇਤੂ ਬੱਚਿਆਂ ਨੂੰ ਮੈਡਲ ਤੇ ਪ੍ਰਮਾਣ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਬਲਾਕ ਸਿੱਖਿਆ ਅਫਸਰ ਸ੍ਰੀ ਰਕੇਸ਼ ਕੁਮਾਰ ਸਨ। ਉਹਨਾਂ ਨੇ ਆਪਣੇ ਸੰਬੋਧਨ ਦੌਰਾਨ ਬੱਚਿਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਪ੍ਰੇਰਿਤ ਕਰਦੇ ਹੋਏ ਕਿਹਾ ਕਿ, “ਖੇਡਾਂ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਜੀਵਨ ਦੀ ਇੱਕ ਸਿੱਖਿਆ ਹਨ ਜੋ ਮਨੁੱਖ ਵਿੱਚ ਅਨੁਸ਼ਾਸਨ, ਮਿਲਵਰਤਨ ਤੇ ਭਾਈਚਾਰਕ ਸਾਂਝ ਵਰਗੇ ਗੁਣ ਪੈਦਾ ਕਰਦੀਆਂ ਹਨ।”

ਸਮਾਰੋਹ ਦੌਰਾਨ ਬੀਪੀਈਓ ਸ੍ਰੀ ਰਕੇਸ਼ ਕੁਮਾਰ ਅਤੇ ਸੈਂਟਰ ਮੁੱਖ ਅਧਿਆਪਕ ਸ੍ਰੀ ਰਜੇਸ਼ ਕੁਮਾਰ ਨੂੰ ਯਾਦ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸਾਰੇ ਮਹਿਮਾਨਾਂ ਨੇ ਜਿੱਤਣ ਵਾਲੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਖਿਡਾਰੀ ਅੱਗੇ ਜਾ ਕੇ ਜ਼ਿਲ੍ਹਾ ਅਤੇ ਰਾਜ ਪੱਧਰ ’ਤੇ ਵੀ ਖੇਡਾਂ ਵਿੱਚ ਆਪਣੀ ਕਾਬਲੀਅਤ ਦਿਖਾਉਣਗੇ।
ਇਸ ਮੌਕੇ ਮੁੱਖ ਅਧਿਆਪਕ ਕੁਲਵੰਤ ਸਿੰਘ, ਵਿਨੋਦ ਕੁਮਾਰ, ਰਕੇਸ਼ ਮਹਾਜਨ, ਜਗਤਾਰ ਸਿੰਘ ਕੌਂਡਲ, ਇੰਚਾਰਜ ਅਧਿਆਪਕ ਸੀਮਾ ਚਾਵਲਾ, ਨੀਤੂ ਬਾਲਾ ਜਾਫ਼ਲਪੁਰ, ਗੁਰਿੰਦਰ ਕੌਰ, ਅੰਮ੍ਰਿਤ ਸੋਨਿਕਾ, ਰੇਖਾ ਸ਼ਰਮਾ, ਵਰਿੰਦਰਜੀਤ ਕੌਰ, ਬਲਬੀਰ ਕੌਰ, ਨੀਲਮ ਦੇਵੀ, ਜੂਹੀ ਮਹਾਜਨ, ਭਾਵਨਾ ਲੁਥਰਾ, ਮੋਨਿਕਾ ਸ਼ੈਲੀ, ਸੁਮਨ, ਰਜਨੀ, ਹਰਦੀਪ ਕੌਰ, ਬਲਜਿੰਦਰ ਕੌਰ, ਫਕਵਿੰਦਰ ਕੌਰ ਅਤੇ ਜਸ਼ਨਪ੍ਰੀਤ ਸਿੰਘ ਆਦਿ ਹਾਜ਼ਰ ਸਨ। ਸਭ ਨੇ ਮਿਲ ਕੇ ਖੇਡਾਂ ਵਿੱਚ ਬੱਚਿਆਂ ਦੀ ਭਾਗੀਦਾਰੀ ਅਤੇ ਜਿੱਤ ਦੀ ਪ੍ਰਸ਼ੰਸਾ ਕੀਤੀ।

ਇਹ ਮੁਕਾਬਲੇ ਸਿਰਫ਼ ਖੇਡਾਂ ਦਾ ਮੰਚ ਨਹੀਂ ਸਾਬਤ ਹੋਏ, ਸਗੋਂ ਬੱਚਿਆਂ ਦੇ ਵਿਸ਼ਵਾਸ, ਸਰੀਰਕ ਤੰਦਰੁਸਤੀ ਅਤੇ ਟੀਮ ਭਾਵਨਾ ਨੂੰ ਮਜ਼ਬੂਤ ਕਰਨ ਵਾਲਾ ਉੱਦਮ ਸਾਬਤ ਹੋਏ।










