ਪੰਜਾਬੀਆਂ ਨੂੰ ਇਤਿਹਾਸ ਤੇ ਬੋਲੀ ਸੰਭਾਲਣ ਦੀ ਲੋੜ – ਖਹਿਰਾ
ਡਾ. ਹਰਪ੍ਰੀਤ ਕੌਰ ਖ਼ਾਲਸਾ ਦੀ ਪੁਸਤਕ ‘ਤੋਸ਼ਾਖ਼ਾਨਾ’ ਲੋਕ ਅਰਪਣ
ਰਾਜੇਸ਼ ਕੁਮਾਰ ਆਮਲਾ/ਰੋਜ਼ਾਨਾ ਖ਼ਬਰ
ਸੰਗਰੂਰ, 31 ਅਗਸਤ
ਭਾਸ਼ਾ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਨੂੰ ਦਫ਼ਤਰੀ ਕੰਮ ਪੰਜਾਬੀ ਭਾਸ਼ਾ ਵਿਚ ਕਰਨ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਭਾਸ਼ਾ ਵਿਭਾਗ ਵੱਲੋਂ ਇਸ ‘ਤੇ ਨਿਗਰਾਨੀ ਕੀਤੀ ਜਾਂਦੀ ਹੈ। ਉਹ ਸੰਗਰੂਰ ਵਿਚ ਸਾਹਿਤ ਸਦਨ ਵਲੋਂ ਆਯੋਜਿਤ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਬੋਲ ਰਹੇ ਸਨ।

ਉਨ੍ਹਾਂ ਕਿਹਾ ਕਿ ਜਿੱਥੇ ਵੀ ਪੰਜਾਬੀ ਪ੍ਰਤੀ ਅਣਗਹਿਲੀ ਵੇਖਣ ਨੂੰ ਮਿਲੇ, ਲੋਕਾਂ ਨੂੰ ਚਾਹੀਦਾ ਹੈ ਕਿ ਇਸ ਬਾਰੇ ਤੁਰੰਤ ਭਾਸ਼ਾ ਵਿਭਾਗ ਨੂੰ ਸੂਚਿਤ ਕਰਨ। ਉਨ੍ਹਾਂ ਦੁਖ ਪ੍ਰਗਟਾਇਆ ਕਿ ਭਾਰਤ ਵਿੱਚ ਪੰਜਾਬੀ ਕੌਮ ਹੀ ਹੈ ਜਿਸਦਾ ਇਕ ਹਿੱਸਾ ਪੰਜਾਬੀ ਨੂੰ ਆਪਣੀ ਮਾਂ ਬੋਲੀ ਨਹੀਂ ਮੰਨਦਾ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਡਾ. ਹਰਪ੍ਰੀਤ ਕੌਰ ਖ਼ਾਲਸਾ ਦੀ ਪੰਜਾਬੀ ਪੁਸਤਕ ‘ਤੋਸ਼ਾਖ਼ਾਨਾ’ ਦਾ ਲੋਕ ਅਰਪਣ ਕੀਤਾ। ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਸ. ਜਸਵੰਤ ਸਿੰਘ ਖਹਿਰਾ ਨੇ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਅਤੇ ਇਤਿਹਾਸ ਸੰਭਾਲਣ ਦਾ ਸੱਦਾ ਦਿੱਤਾ।
ਮੌਕੇ ‘ਤੇ ਜਸਵੰਤ ਸਿੰਘ ਜ਼ਫ਼ਰ, ਮੋਹਨ ਸ਼ਰਮਾ, ਡਾ. ਇਕਬਾਲ ਸਿੰਘ, ਬਲਵੰਤ ਸਿੰਘ ਜੋਗਾ, ਡਾ. ਨਰਵਿੰਦਰ ਕੌਸ਼ਲ, ਕੁਲਵੰਤ ਕਸ਼ਕ, ਸੁਰਿੰਦਰਪਾਲ ਸਿੰਘ ਸਿਦਕੀ, ਅਭੇਜੀਤ ਸਿੰਘ ਗਰੇਵਾਲ ਤੇ ਜੀਤ ਹਰਜੀਤ ਸਮੇਤ ਕਈ ਸਾਹਿਤਕਾਰ ਅਤੇ ਵਿਦਵਾਨ ਹਾਜ਼ਰ ਸਨ।
ਸਮਾਗਮ ਦੇ ਦੂਜੇ ਦੌਰ ਵਿਚ ਉਦਯੋਗਪਤੀ ਵਿਨੋਦ ਮਘਾਨ ਦੀ ਪ੍ਰਧਾਨਗੀ ਹੇਠ ਕਵੀ ਦਰਬਾਰ ਹੋਇਆ ਜਿਸ ਵਿੱਚ ਬਲਜੀਤ ਸ਼ਰਮਾ, ਨੂਰਦੀਪ ਕੋਮਲ, ਸਸ਼ੀ ਬਾਲਾ, ਡਾ. ਇਕਬਾਲ ਸਿੰਘ ਸਕਰੌਦੀ ਅਤੇ ਪਰਮਜੀਤ ਸਿੰਘ ਦਰਦੀ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਾਹਿਤ ਸਭਾ ਵਲੋਂ ਸ. ਜਸਵੰਤ ਸਿੰਘ ਜ਼ਫ਼ਰ ਅਤੇ ਸ. ਜਸਵੰਤ ਸਿੰਘ ਖਹਿਰਾ ਨੂੰ ਸਤਿਕਾਰ ਚਿੰਨ੍ਹ ਭੇਂਟ ਕੀਤੇ ਗਏ।

ਫੋਟੋ ਕੈਪਸ਼ਨ: ਪੁਸ਼ਤਕ ‘ਤੋਸ਼ਾਖ਼ਾਨਾ’ ਲੋਕਅਰਪਣ ਕਰਦੀਆਂ ਹੋਈਆਂ ਸਖਸ਼ੀਅਤਾਂ, ਅਤੇ ਜਸਵੰਤ ਸਿੰਘ ਜ਼ਫ਼ਰ ਨੂੰ ਸਤਿਕਾਰ ਚਿੰਨ੍ਹ ਭੇਂਟ ਕਰਦੀਆਂ ਹੋਈਆਂ ਸਖਸ਼ੀਅਤਾਂ।










