Share & like

ਜਤਿੰਦਰ ਬੈਂਸ
ਕੁਝ ਦਰਦ ਅਜਿਹੇ ਹੁੰਦੇ ਹਨ ਜੋ ਸਿਰਫ਼ ਦੰਦਾਂ ਵਿੱਚ ਨਹੀਂ ਹੁੰਦੇ, ਉਹ ਹੌਲੀ-ਹੌਲੀ ਇਨਸਾਨ ਦੀ ਸੋਚ, ਯਾਦਾਂ ਅਤੇ ਰੂਹ ਵਿੱਚ ਵੀ ਵੱਸ ਜਾਂਦੇ ਹਨ। ਦਾੜ ਦਾ ਦਰਦ ਵੀ ਸ਼ਾਇਦ ਉਹਨਾਂ ਵਿੱਚੋਂ ਹੀ ਇੱਕ ਹੈ। ਪਿਛਲੇ ਕੁਝ ਦਿਨਾਂ ਤੋਂ ਮੇਰੀ ਦਾੜ ਅਜਿਹੀ ਧੜਕ ਰਹੀ ਸੀ ਜਿਵੇਂ ਕੋਈ ਪੁਰਾਣਾ ਹਿਸਾਬ ਕਿਤਾਬ ਵਸੂਲ ਕਰਨ ‘ਤੇ ਅੜਿਆ ਹੋਵੇ। ਰਾਤ ਨੂੰ ਨੀਂਦ ਉੱਡ ਜਾਂਦੀ, ਚਾਹ ਪੀਣ ਲੱਗੋ ਤਾਂ ਦਰਦ, ਪਾਣੀ ਪੀਓ ਤਾਂ ਦਰਦ, ਅਤੇ ਕਈ ਵਾਰ ਤਾਂ ਚੁੱਪ ਬੈਠਿਆਂ ਵੀ ਲੱਗਦਾ ਜਿਵੇਂ ਦਾੜ ਆਪਣੀ ਹਾਜ਼ਰੀ ਦਰਜ ਕਰਵਾ ਰਹੀ ਹੋਵੇ।
ਆਖਿਰ ਸੋਚਿਆ ਕਿ ਹੁਣ ਕਿਸੇ ਦੰਦਾਂ ਦੇ ਮਾਹਿਰ ਡਾਕਟਰ ਨੂੰ ਵਿਖਾ ਹੀ ਲਿਆ ਜਾਵੇ। ਅਚਾਨਕ ਯਾਦ ਆਇਆ ਕਿ ਰੇਲਵੇ ਸਟੇਸ਼ਨ ਕੋਲ ਇੱਕ ਡਾਕਟਰ ਹੈ, ਜਿਸ ਕੋਲ ਮੇਰਾ ਇੱਕ ਪੁਰਾਣਾ ਪੱਤਰਕਾਰ ਮਿੱਤਰ ਅਕਸਰ ਜਾਂਦਾ ਰਹਿੰਦਾ ਹੈ। ਇਹ “ਪੁਰਾਣਾ” ਸ਼ਬਦ ਵੀ ਵੱਡਾ ਅਜੀਬ ਹੁੰਦਾ ਹੈ। ਕਈ ਵਾਰ ਇਹ ਦੋਸਤੀ ਦੀ ਉਮਰ ਦੱਸਦਾ ਹੈ ਅਤੇ ਕਈ ਵਾਰ ਜ਼ਿੰਦਗੀ ਦੇ ਉਹ ਦੌਰ ਯਾਦ ਕਰਵਾ ਜਾਂਦਾ ਹੈ ਜਿਹੜੇ ਹੁਣ ਸਿਰਫ਼ ਯਾਦਾਂ ਵਿੱਚ ਬਚੇ ਹੁੰਦੇ ਹਨ।
ਦੈਨਿਕ ਜਾਗਰਣ ਵਿੱਚ ਅਸੀਂ ਇਕੱਠੇ ਪੱਤਰਕਾਰੀ ਕਰਦੇ ਸੀ। ਉਹ ਸਮਾਂ ਹੋਰ ਸੀ। ਅਖ਼ਬਾਰਾਂ ਵਿੱਚ ਖ਼ਬਰਾਂ ਲਿਖੀਆਂ ਜਾਂਦੀਆਂ ਸਨ, ਹੁਣ ਜ਼ਿਆਦਾਤਰ “ਮੈਨੇਜ” ਕੀਤੀਆਂ ਜਾਂਦੀਆਂ ਹਨ। ਉਸ ਤੋਂ ਬਾਅਦ ਮੈਂ ਪੰਜਾਬੀ ਟ੍ਰਿਬਿਊਨ ਨਾਲ ਜੁੜ ਗਿਆ ਅਤੇ ਵੀਹ ਸਾਲ ਤੋਂ ਵੱਧ ਸਮਾਂ ਉਸ ਅਖ਼ਬਾਰ ਨੂੰ ਦਿੱਤਾ। ਪਰ ਸਰਕਾਰੀ ਨੌਕਰੀ ਵਿੱਚ ਆਉਣ ਤੋਂ ਬਾਅਦ ਸਮਝ ਆਈ ਕਿ ਸੱਚ ਲਿਖਣ ਦੀ ਵੀ ਆਪਣੀ ਕੀਮਤ ਹੁੰਦੀ ਹੈ ਅਤੇ ਕਈ ਵਾਰ ਆਪਣੀਆਂ ਹੱਦਾਂ ਵੀ। ਸਮੇਂ ਦੀ ਘਾਟ ਇੱਕ ਬਹਾਨਾ ਹੋ ਸਕਦਾ ਹੈ, ਪਰ ਅਸਲ ਗੱਲ ਇਹ ਸੀ ਕਿ ਜੇਕਰ ਲਿਖਣਾ ਹੀ ਹੈ ਤਾਂ ਨਿਰਪੱਖ ਅਤੇ ਨਿੱਗਰ ਹੋ ਕੇ ਲਿਖੋ, ਨਹੀਂ ਤਾਂ ਸਿਰਫ਼ ਪ੍ਰੈਸ ਰਿਲੀਜ਼ਾਂ ਨੂੰ ਟਾਈਪ ਕਰਨਾ ਪੱਤਰਕਾਰੀ ਨਹੀਂ ਹੁੰਦੀ।
ਅੱਜਕੱਲ੍ਹ ਤਾਂ ਕਈ ਪੱਤਰਕਾਰ ਅਜਿਹੇ ਲੱਗਦੇ ਹਨ ਜਿਵੇਂ ਉਨ੍ਹਾਂ ਦੀ ਕਲਮ ਦੀ ਸਿਆਹੀ ਨਹੀਂ, ਕਿਸੇ ਆਗੂ ਦੀ ਮਿਹਰਬਾਨੀ ਚੱਲ ਰਹੀ ਹੋਵੇ। ਇੱਕ ਵਾਰ ਮੇਰੇ ਇੱਕ ਸੱਜਣ ਨੇ ਮਜ਼ਾਕ ਵਿੱਚ ਕਿਹਾ ਸੀ, “ਮੈਂ ਪੱਤਰਕਾਰ ਇਸ ਲਈ ਬਣਿਆ ਕਿਉਂਕਿ ਪੁਲੀਸ ਨੇ ਮੈਨੂੰ ਰਸਤੇ ਵਿੱਚ ਰੋਕ ਲਿਆ ਸੀ, ਸੋਚਿਆ ਜੇ ਪੱਤਰਕਾਰ ਹੋਵਾਂਗਾ ਤਾਂ ਘੱਟ ਰੋਕਣਗੇ।” ਉਸ ਵੇਲੇ ਹਾਸਾ ਆਇਆ ਸੀ, ਪਰ ਅੱਜ ਸੋਚਦਾ ਹਾਂ ਕਿ ਕਈਆਂ ਦੀ ਪੱਤਰਕਾਰੀ ਦਾ ਅਸਲ ਮਕਸਦ ਸ਼ਾਇਦ ਇਹੀ ਰਹਿ ਗਿਆ ਹੈ ਪਛਾਣ, ਪਹੁੰਚ ਅਤੇ ਫਾਇਦਾ। ਸਮਾਜ ਦੀ ਆਵਾਜ਼ ਬਣਨ ਵਾਲਾ ਪੱਤਰਕਾਰ ਹੁਣ ਕਈ ਵਾਰ ਸਿਰਫ਼ “ਫਾਰਵਰਡ ਕੀਤੀ ਪ੍ਰੈਸ ਰਿਲੀਜ਼” ਬਣ ਕੇ ਰਹਿ ਗਿਆ ਹੈ।
ਖੈਰ, ਮੈਂ ਡਾਕਟਰ ਕੋਲ ਪੁੱਜ ਗਿਆ। ਉਸਨੇ ਮੇਰੀ ਦਾੜ ਦੇਖੀ ਅਤੇ ਬੜੀ ਸਹਿਜਤਾ ਨਾਲ ਕਿਹਾ, “ਆਰਸੀਟੀ ਕਰਵਾਉਣੀ ਪਵੇਗੀ। ਸਿਰਫ਼ ਫੀਲਿੰਗ ਨਾਲ ਕੰਮ ਨਹੀਂ ਚੱਲਣਾ।”
ਮੈਂ ਸੋਚਿਆ ਜ਼ਿੰਦਗੀ ਵੀ ਕਿੰਨੀ ਅਜੀਬ ਹੈ। ਕਈ ਵਾਰ ਉਪਰੋਂ ਸਭ ਠੀਕ ਲੱਗਦਾ ਹੈ, ਪਰ ਅੰਦਰੋਂ ਨਸਾਂ ਤੱਕ ਸੜ ਚੁੱਕੀਆਂ ਹੁੰਦੀਆਂ ਹਨ। ਫਿਰ ਸਿਰਫ਼ “ਫੀਲਿੰਗ” ਨਾਲ ਗੱਲ ਨਹੀਂ ਬਣਦੀ, ਆਰਸੀਟੀ ਕਰਵਾਉਣੀ ਪੈਂਦੀ ਹੈ ਚਾਹੇ ਦੰਦ ਦੀ ਹੋਵੇ ਜਾਂ ਰਿਸ਼ਤਿਆਂ ਦੀ ਜਾਂ ਜ਼ਿੰਦਗੀ ਦੀ।
ਡਾਕਟਰ ਨੇ ਮੈਨੂੰ ਕੁਰਸੀ ‘ਤੇ ਲੇਟਣ ਲਈ ਕਿਹਾ। ਫਿਰ ਬੋਲੇ, “ਟੀਕਾ ਲਗਾਉਣਾ ਪਵੇਗਾ, ਨਹੀਂ ਤਾਂ ਦਰਦ ਹੋਵੇਗਾ।”
ਮੈਂ ਹੌਲੀ ਜਿਹਾ ਹੱਸ ਕੇ ਕਿਹਾ, “ਡਾਕਟਰ ਸਾਹਿਬ, ਬਿਨਾਂ ਟੀਕੇ ਤੋਂ ਵੀ ਕਰ ਲਓ, ਦਰਦ ਸਹਿ ਲਵਾਂਗਾ।”
ਉਹਨਾਂ ਨੇ ਵੀ ਹੱਸ ਕੇ ਕਿਹਾ, “ਨਹੀਂ ਜੀ, ਇਹ ਦਰਦ ਹਰ ਕੋਈ ਨਹੀਂ ਸਹਿ ਸਕਦਾ।”
ਮੈਂ ਚੁੱਪ ਹੋ ਗਿਆ। ਕਿਵੇਂ ਦੱਸਦਾ ਕਿ ਇਨਸਾਨ ਜ਼ਿੰਦਗੀ ਵਿੱਚ ਕੁਝ ਅਜਿਹੇ ਦਰਦ ਵੀ ਸਹਿ ਜਾਂਦਾ ਹੈ ਜਿਨ੍ਹਾਂ ਸਾਹਮਣੇ ਦੰਦ ਦਾ ਦਰਦ ਬਹੁਤ ਛੋਟਾ ਲੱਗਦਾ ਹੈ। ਕੁਝ ਦਰਦ ਚੀਕਦੇ ਨਹੀਂ, ਸਿਰਫ਼ ਅੰਦਰੋਂ ਖਾਮੋਸ਼ ਕਰ ਜਾਂਦੇ ਹਨ। ਕੁਝ ਜ਼ਖ਼ਮਾਂ ‘ਤੇ ਪੱਟੀ ਨਹੀਂ ਹੁੰਦੀ, ਉਹ ਸਿਰਫ਼ ਇਨਸਾਨ ਦੀਆਂ ਅੱਖਾਂ ਵਿੱਚ ਥਕਾਵਟ ਬਣ ਕੇ ਰਹਿ ਜਾਂਦੇ ਹਨ।
ਡਾਕਟਰ ਆਪਣਾ ਕੰਮ ਕਰਦਾ ਰਿਹਾ। ਮਸ਼ੀਨਾਂ ਦੀਆਂ ਆਵਾਜ਼ਾਂ, ਸਾਜ਼ੋ-ਸਾਮਾਨ ਦੀ ਖੜਕ ਅਤੇ ਦੰਦ ਦੀਆਂ ਨਸਾਂ ਤੱਕ ਪਹੁੰਚਦਾ ਇਲਾਜ। ਵਿਚਕਾਰ ਉਹ ਕਹਿੰਦੇ, “ਟੀਕੇ ਤੋਂ ਬਾਅਦ ਵੀ ਜਦੋਂ ਨਸ ਨੂੰ ਟੱਚ ਕਰਦੇ ਹਾਂ ਤਾਂ ਕਈ ਮਰੀਜ਼ ਬੁੜਕ ਜਾਂਦੇ ਹਨ।”
ਮੈਂ ਫਿਰ ਹੌਲੀ ਜਿਹਾ ਮੁਸਕਰਾ ਦਿੱਤਾ।
ਕਿਉਂਕਿ ਮੈਨੂੰ ਯਾਦ ਆ ਰਹੇ ਸਨ ਉਹ ਦਿਨ, ਜਦੋਂ ਜ਼ਿੰਦਗੀ ਨੇ ਬਿਨਾਂ ਕਿਸੇ ਟੀਕੇ ਦੇ, ਬਿਨਾਂ ਕਿਸੇ ਸੁੰਨ ਕਰਨ ਵਾਲੀ ਦਵਾ ਦੇ, ਸਿੱਧਾ ਰੂਹ ਦੀਆਂ ਨਸਾਂ ‘ਤੇ ਵਾਰ ਕੀਤੇ ਸਨ। ਉਹ ਦਰਦ ਜਿਨ੍ਹਾਂ ਦਾ ਕੋਈ ਡਾਕਟਰ ਨਹੀਂ ਹੁੰਦਾ। ਉਹ ਜ਼ਖ਼ਮ ਜਿਨ੍ਹਾਂ ਦੀ ਕੋਈ ਐਕਸਰੇ ਰਿਪੋਰਟ ਨਹੀਂ ਬਣਦੀ।
ਆਰਸੀਟੀ ਮੁੱਕ ਗਈ। ਡਾਕਟਰ ਨੇ ਕਿਹਾ, “ਹੁਣ ਠੀਕ ਰਹੋਗੇ।”
ਪਰ ਮੈਂ ਸੋਚ ਰਿਹਾ ਸੀ ਕਿ ਕਾਸ਼ ਜ਼ਿੰਦਗੀ ਦੇ ਦਰਦਾਂ ਦੀ ਵੀ ਕੋਈ ਆਰਸੀਟੀ ਹੁੰਦੀ। ਕੋਈ ਅਜਿਹਾ ਡਾਕਟਰ ਹੁੰਦਾ ਜੋ ਅੰਦਰ ਜਮੀਆਂ ਉਦਾਸੀਆਂ, ਨਿਰਾਸ਼ਾਵਾਂ ਅਤੇ ਟੁੱਟੇ ਵਿਸ਼ਵਾਸਾਂ ਨੂੰ ਵੀ ਸਾਫ਼ ਕਰ ਦਿੰਦਾ।
ਕਲੀਨਿਕ ਤੋਂ ਬਾਹਰ ਨਿਕਲਿਆ ਤਾਂ ਸ਼ਹਿਰ ਉਹੀ ਸੀ, ਸੜਕਾਂ ਉਹੀਆਂ, ਲੋਕ ਉਹੀ। ਪਰ ਮੇਰੇ ਅੰਦਰ ਕਈ ਪੁਰਾਣੀਆਂ ਯਾਦਾਂ ਮੁੜ ਜਾਗ ਚੁੱਕੀਆਂ ਸਨ। ਦੰਦ ਦਾ ਦਰਦ ਤਾਂ ਹੁਣ ਘੱਟ ਹੋ ਗਿਆ ਸੀ, ਪਰ ਜ਼ਿੰਦਗੀ ਦੇ ਕੁਝ ਦਰਦ ਫਿਰ ਹੌਲੇ-ਹੌਲੇ ਚੁਭਣ ਲੱਗ ਪਏ ਸਨ।

ਇਨਸਾਨ ਵੀ ਕਿੰਨਾ ਅਜੀਬ ਜੀਵ ਹੈ। ਉਹ ਦਾੜ ਦੇ ਦਰਦ ਲਈ ਤੁਰੰਤ ਡਾਕਟਰ ਕੋਲ ਚਲਾ ਜਾਂਦਾ ਹੈ, ਪਰ ਦਿਲ ਦੇ ਦਰਦ ਨੂੰ ਸਾਲਾਂ ਤੱਕ ਆਪਣੇ ਅੰਦਰ ਹੀ ਲੁਕਾ ਕੇ ਰੱਖਦਾ ਹੈ। ਸ਼ਾਇਦ ਇਸ ਲਈ ਕਿ ਦੰਦ ਦਾ ਦਰਦ ਲੋਕਾਂ ਨੂੰ ਦੱਸਿਆ ਜਾ ਸਕਦਾ ਹੈ, ਪਰ ਜ਼ਿੰਦਗੀ ਦੇ ਦਰਦ ਨਹੀਂ।
ਅਤੇ ਸ਼ਾਇਦ ਇਸੇ ਲਈ, ਉਸ ਦਿਨ ਦੰਦਾਂ ਦੇ ਡਾਕਟਰ ਦੀ ਕੁਰਸੀ ‘ਤੇ ਬੈਠਿਆਂ-ਬੈਠਿਆਂ ਮੈਨੂੰ ਅਹਿਸਾਸ ਹੋਇਆ ਕਿ ਜ਼ਿੰਦਗੀ ਵੀ ਇਕ ਲੰਮੀ ਆਰਸੀਟੀ ਹੀ ਹੈ ਜਿੱਥੇ ਦਰਦ ਵੀ ਆਪਣੇ ਹੁੰਦੇ ਹਨ ਅਤੇ ਇਲਾਜ ਵੀ ਖੁਦ ਹੀ ਕਰਵਾਉਣਾ ਪੈਂਦਾ ਹੈ।


Share & like

Leave a Reply