ਢਾਈ ਘੰਟੇ ਉਡੀਕ ਮਗਰੋਂ ਬਿਨਾਂ ਸਮੱਗਰੀ ਵਾਪਸ ਮੁੜੇ, ਨਾਅਰੇਬਾਜ਼ੀ ਕਰਕੇ ਜਤਾਇਆ ਰੋਸ
“ਨਾ ਸਮੱਗਰੀ, ਨਾ ਪਾਣੀ, ਨਾ ਕੋਈ ਜ਼ਿੰਮੇਵਾਰ ਅਧਿਕਾਰੀ” , ਅਧਿਆਪਕ ਆਗੂਆਂ ਦਾ ਦੋਸ਼
ਰੋਜ਼ਾਨਾ ਖ਼ਬਰ
ਦੀਨਾਨਗਰ, 14 ਮਈ
ਮਰਦਮਸ਼ੁਮਾਰੀ (ਸੈਨਸਸ) ਡਿਊਟੀ ਲਈ ਨਿਯੁਕਤ ਅਧਿਆਪਕਾਂ ਵਿੱਚ ਉਸ ਵੇਲੇ ਭਾਰੀ ਰੋਸ ਪੈਦਾ ਹੋ ਗਿਆ ਜਦੋਂ ਸੈਨਸਸ ਸਮੱਗਰੀ ਵੰਡਣ ਲਈ ਬੁਲਾਏ ਗਏ ਅਧਿਆਪਕਾਂ ਨੂੰ ਲੰਮਾ ਇੰਤਜ਼ਾਰ ਕਰਵਾਉਣ ਦੇ ਬਾਵਜੂਦ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਕਰਮਚਾਰੀ ਮੌਕੇ ’ਤੇ ਨਹੀਂ ਪੁੱਜਿਆ। ਇਸ ਕਾਰਨ ਗੁੱਸੇ ਵਿੱਚ ਆਏ ਅਧਿਆਪਕਾਂ ਨੇ ਨਾਅਰੇਬਾਜ਼ੀ ਕਰਦਿਆਂ ਬਿਨਾਂ ਸਮੱਗਰੀ ਪ੍ਰਾਪਤ ਕੀਤੇ ਹੀ ਵਾਪਸ ਜਾਣ ਦਾ ਫੈਸਲਾ ਕਰ ਲਿਆ।

ਜਾਣਕਾਰੀ ਅਨੁਸਾਰ ਸਮੂਹ ਅਧਿਆਪਕਾਂ ਨੂੰ ਅੱਜ ਐੱਸ.ਐੱਸ.ਐੱਮ. ਕਾਲਜ ਦੀਨਾਨਗਰ ਵਿਖੇ ਸੈਨਸਸ ਡਿਊਟੀ ਦੀ ਸਮੱਗਰੀ ਪ੍ਰਾਪਤ ਕਰਨ ਲਈ ਸੱਦਾ ਦਿੱਤਾ ਗਿਆ ਸੀ। ਅਧਿਆਪਕ ਆਪਣੇ-ਆਪਣੇ ਸਕੂਲਾਂ ਤੋਂ ਨਿਰਧਾਰਤ ਸਮੇਂ ’ਤੇ ਮੌਕੇ ’ਤੇ ਪੁੱਜ ਗਏ ਸਨ, ਪਰ ਕਰੀਬ ਢਾਈ ਘੰਟੇ ਤੱਕ ਉਡੀਕ ਕਰਨ ਦੇ ਬਾਵਜੂਦ ਕੋਈ ਵੀ ਪ੍ਰਸ਼ਾਸਨਿਕ ਅਮਲਾ ਉੱਥੇ ਨਹੀਂ ਪੁੱਜਿਆ।
ਅਧਿਆਪਕ ਆਗੂਆਂ ਉਂਕਾਰ ਸਿੰਘ, ਅਨੁਭਵ ਗੁਪਤਾ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਬਿਕਰਮਜੀਤ, ਸਾਹਿਬ ਸਿੰਘ, ਵਿਜੈ ਕੁਮਾਰ ਅਤੇ ਦਿਨੇਸ਼ ਸ਼ਰਮਾ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਵੱਲੋਂ ਨਾ ਤਾਂ ਸਮੇਂ ਸਿਰ ਸਮੱਗਰੀ ਮੁਹੱਈਆ ਕਰਵਾਈ ਗਈ ਅਤੇ ਨਾ ਹੀ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਪੀਣ ਵਾਲੇ ਪਾਣੀ ਜਾਂ ਹੋਰ ਸਹੂਲਤਾਂ ਦਾ ਕੋਈ ਪ੍ਰਬੰਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਤਪਦੀ ਗਰਮੀ ਵਿੱਚ ਅਧਿਆਪਕਾਂ ਨੂੰ ਘੰਟਿਆਂ ਖੜ੍ਹਾ ਰੱਖਣਾ ਪ੍ਰਸ਼ਾਸਨ ਦੀ ਨਾਕਾਮੀ ਨੂੰ ਦਰਸਾਉਂਦਾ ਹੈ।
ਰੋਹ ਵਿੱਚ ਆਏ ਅਧਿਆਪਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਅਧਿਆਪਕਾਂ ਤੋਂ ਡਿਊਟੀ ਲੈਣਾ ਚਾਹੁੰਦੇ ਹਨ ਤਾਂ ਘੱਟੋ-ਘੱਟ ਬੁਨਿਆਦੀ ਪ੍ਰਬੰਧ ਯਕੀਨੀ ਬਣਾਉਣੇ ਚਾਹੀਦੇ ਹਨ। ਉਨ੍ਹਾਂ ਐਲਾਨ ਕੀਤਾ ਕਿ ਹੋਰ ਉਡੀਕ ਕਰਨਾ ਸੰਭਵ ਨਹੀਂ ਅਤੇ ਉਹ ਬਿਨਾਂ ਸਮੱਗਰੀ ਲਏ ਹੀ ਵਾਪਸ ਜਾ ਰਹੇ ਹਨ।
ਅਧਿਆਪਕ ਆਗੂਆਂ ਨੇ ਇਹ ਵੀ ਦੱਸਿਆ ਕਿ ਪਹਿਲਾਂ ਹੀ ਕਈ ਅਧਿਆਪਕਾਂ ਦੀਆਂ ਡਿਊਟੀਆਂ ਦੂਰ-ਦੁਰਾਡੇ ਇਲਾਕਿਆਂ ਵਿੱਚ ਲਗਾਈਆਂ ਗਈਆਂ ਹਨ, ਜਿਸ ਕਰਕੇ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਰ-ਬਾਰ ਬੇਨਤੀ ਕਰਨ ਦੇ ਬਾਵਜੂਦ ਅੱਜੇ ਵੀ ਬਹੁਤ ਸਾਰੇ ਅਧਿਆਪਕਾਂ ਦੀਆਂ ਡਿਊਟੀਆਂ ਦੂਰ ਦੁਰਾਡੇ ਇਲਾਕਿਆਂ ਵਿੱਚ ਲਗਾਈਆਂ ਗਈਆਂ ਹਨ। ਉਨ੍ਹਾਂ ਨੇ ਖੁਲਾਸਾ ਕੀਤਾ ਅਜਿਹੇ ਅਧਿਆਪਕ ਵੀ ਹਨ ਜਿਨ੍ਹਾਂ ਦੀ ਡਿਊਟੀ ਸੈਂਸਰ ਦੇ ਨਾਲ-ਨਾਲ ਡਰੱਗ ਸਰਵੇਖਣ ਵਿੱਚ ਦੋਵੇਂ ਥਾਈਂ ਲਗਾਈ ਗਈ ਹੈ।
ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਡਿਊਟੀ ਦੌਰਾਨ ਕਿਸੇ ਅਧਿਆਪਕ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਲਈ ਸਿੱਧੇ ਤੌਰ ’ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਦੂਰਦਰਾਜ਼ ਡਿਊਟੀਆਂ ਅਤੇ ਕੇਸਾਂ ਵਿੱਚ ਛੋਟ ਨਾ ਦੇਣ ’ਤੇ ਵੀ ਤਿੱਖਾ ਰੋਸ ਜ਼ਾਹਿਰ ਕੀਤਾ।
ਇਸ ਦੌਰਾਨ ਕੁਝ ਅਧਿਆਪਕਾਂ ਨੇ ਦੱਸਿਆ ਕਿ ਬਾਅਦ ਵਿੱਚ ਸਬੰਧਤ ਅਮਲੇ ਵੱਲੋਂ ਨਿੱਜੀ ਫੋਨਾਂ ਰਾਹੀਂ ਸੁਨੇਹੇ ਭੇਜੇ ਗਏ ਹਨ ਕਿ ਸੈਨਸਸ ਸਮੱਗਰੀ ਹੁਣ 15 ਮਈ ਸਵੇਰੇ 9:30 ਵਜੇ ਪ੍ਰਾਪਤ ਕੀਤੀ ਜਾਵੇਗੀ।

ਹੁਣ ਸਭ ਤੋਂ ਵੱਡਾ ਸਵਾਲ ਇਹ ਬਣ ਗਿਆ ਹੈ ਕਿ 15 ਮਈ ਤੋਂ ਸ਼ੁਰੂ ਹੋਣ ਵਾਲੀ ਮਰਦਮਸ਼ੁਮਾਰੀ ਡਿਊਟੀ ਸਮੇਂ ਸਿਰ ਅਤੇ ਸੁਚੱਜੇ ਢੰਗ ਨਾਲ ਕਿਵੇਂ ਚੱਲੇਗੀ, ਜਦੋਂ ਪਹਿਲੇ ਹੀ ਦਿਨ ਪ੍ਰਸ਼ਾਸਨਿਕ ਤਿਆਰੀਆਂ ’ਤੇ ਸਵਾਲ ਖੜ੍ਹੇ ਹੋ ਗਏ ਹਨ।










