ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 14 ਮਈ
ਸਾਂਝੇ ਅਧਿਆਪਕ ਮੋਰਚੇ ਅਤੇ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਅੱਜ ਸੈਂਸਸ (ਮਰਦਮਸ਼ੁਮਾਰੀ) ਡਿਊਟੀਆਂ ਵਿੱਚ ਹੋ ਰਹੀਆਂ ਕਥਿਤ ਬੇਨਿਯਮੀਆਂ ਅਤੇ ਪ੍ਰਸ਼ਾਸਨ ਦੇ ਅੜੀਅਲ ਰਵੱਈਏ ਖ਼ਿਲਾਫ਼ ਡਿਪਟੀ ਕਮਿਸ਼ਨਰ ਦਫ਼ਤਰ ਗੁਰਦਾਸਪੁਰ ਵਿਖੇ ਅਧਿਆਪਕ ਆਗੂ ਕੁਲਦੀਪ ਪੁਰੋਵਾਲ, ਅਨਿਲ ਕੁਮਾਰ, ਤਜਿੰਦਰ ਸ਼ਾਹ, ਗੁਰਿੰਦਰ ਸਿੱਧੂ, ਸੋਮ ਸਿੰਘ, ਰਜਨੀ ਪ੍ਰਕਾਸ਼, ਦਿਲਬਾਗ ਸਿੰਘ, ਰਵਿੰਦਰਜੀਤ ਸਿੰਘ, ਗਗਨਦੀਪ ਸਿੰਘ, ਬਲਵਿੰਦਰ ਕੌਰ ਅਤੇ ਅਸ਼ਵਨੀ ਫੱਜੂਪੁਰ ਦੀ ਸਾਂਝੀ ਅਗਵਾਈ ਹੇਠ ਪ੍ਰਦਰਸ਼ਨ ਕੀਤਾ ਗਿਆ।

ਅਧਿਆਪਕਾਂ ਦੇ ਰੋਹ ਨੂੰ ਦੇਖਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਮੌਕੇ ‘ਤੇ ਪਹੁੰਚ ਕੇ ਮੰਗ-ਪੱਤਰ ਲਿਆ ਅਤੇ ਮਸਲਿਆਂ ਦੇ ਹੱਲ ਲਈ 15 ਮਈ ਨੂੰ ਸਵੇਰੇ 11 ਵਜੇ ਡਿਪਟੀ ਕਮਿਸ਼ਨਰ ਨਾਲ ਅਧਿਆਪਕ ਆਗੂਆਂ ਦੀ ਮੀਟਿੰਗ ਦਾ ਭਰੋਸਾ ਦਿੱਤਾ।
ਇਸ ਮੌਕੇ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ‘ਤੇ ਡਿਊਟੀਆਂ ਲਗਾਉਣ ਵਿੱਚ ਘੋਰ ਲਾਪਰਵਾਹੀ ਵਰਤਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਨੇੜਲੇ ਇਲਾਕਿਆਂ ਵਿੱਚ ਅਧਿਆਪਕ ਉਪਲਬਧ ਹੋਣ ਦੇ ਬਾਵਜੂਦ ਅਧਿਆਪਕਾਂ ਨੂੰ ਉਨ੍ਹਾਂ ਦੀ ਰਿਹਾਇਸ਼ ਜਾਂ ਪੋਸਟਿੰਗ ਸਥਾਨਾਂ ਤੋਂ 30 ਤੋਂ 35 ਕਿਲੋਮੀਟਰ ਦੂਰ ਸੈਂਸਸ ਡਿਊਟੀ ‘ਤੇ ਤਾਇਨਾਤ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਅਧਿਆਪਕਾਂ, ਖ਼ਾਸ ਕਰਕੇ ਮਹਿਲਾ ਅਧਿਆਪਕਾਂ ਨੂੰ ਆਉਣ-ਜਾਣ ਵਿੱਚ ਭਾਰੀ ਦਿੱਕਤਾਂ ਅਤੇ ਅਸੁਰੱਖਿਆ ਦਾ ਸਾਹਮਣਾ ਕਰਨਾ ਪਵੇਗਾ ਅਤੇ ਅਜਿਹੇ ਹਾਲਾਤ ਵਿੱਚ ਸੈਂਸਸ ਦਾ ਕੰਮ ਬੇਹੱਦ ਸੁਸਤ ਹੋਣਾ ਸੁਭਾਵਿਕ ਹੈ।
ਜਥੇਬੰਦੀਆਂ ਨੇ ਜ਼ੋਰਦਾਰ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਡਿਊਟੀ ਅਲਾਟਮੈਂਟ ਦੀ ਤੁਰੰਤ ਸਮੀਖਿਆ ਕਰੇ ਅਤੇ ਨਵੇਂ ਸਿਰੇ ਤੋਂ ਸੂਚੀਆਂ ਜਾਰੀ ਕਰਕੇ ਡਿਊਟੀਆਂ ਨੇੜਲੇ ਸਥਾਨਾਂ ‘ਤੇ ਲਗਾਈਆਂ ਜਾਣ। ਉਨ੍ਹਾਂ ਕਿਹਾ ਕਿ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਅਧਿਆਪਕਾਂ ਅਤੇ ਛੋਟੇ ਬੱਚਿਆਂ ਨੂੰ ਦੁੱਧ ਪਿਲਾ ਰਹੀਆਂ ਮਾਵਾਂ ਨੂੰ ਡਿਊਟੀ ਤੋਂ ਛੋਟ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੰਗਲ ਅਧਿਆਪਕ ਸਕੂਲ ਜਾਂ ਜਿੱਥੇ 50 ਫੀਸਦੀ ਤੋਂ ਵੱਧ ਸਟਾਫ਼ ਦੀ ਡਿਊਟੀ ਲੱਗਣ ਕਰਕੇ ਸਕੂਲਾਂ ਨੂੰ ਜਿੰਦਰੇ ਮਾਰਨ ਦੀ ਨੌਬਤ ਆ ਗਈ ਹੈ, ਉੱਥੇ ਤੁਰੰਤ ਡਿਊਟੀਆਂ ਵਿੱਚ ਕਟੌਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮਹਿਲਾ ਅਧਿਆਪਕਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਪ੍ਰਸ਼ਾਸਨ ਦੀ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ।
ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਅਧਿਆਪਕ ਆਪਣੇ ਹੱਕਾਂ ਅਤੇ ਆਪਣੇ ਹਿੱਤਾਂ ਦੀ ਰਾਖੀ ਕਰਨਾ ਭਲੀਭਾਂਤ ਜਾਣਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਵਰਗ ਹਮੇਸ਼ਾ ਪ੍ਰਸ਼ਾਸਨ ਦਾ ਸਹਯੋਗ ਕਰਦਾ ਹੈ ਪਰ ਜਦੋਂ ਵੀ ਚੋਣਾਂ ਦਾ ਸਮਾਂ ਹੋਵੇ ਜਾਂ ਹੁਣ ਸੈਂਸਸ ਦਾ ਪ੍ਰਸ਼ਾਸਨ ਨੇ ਹਮੇਸ਼ਾ ਅਧਿਆਪਕਾਂ ਨਾਲ ਧੱਕੇਸ਼ਾਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਈ ਅਧਿਆਪਕ ਡਿਊਟੀਆਂ ਕਾਰਨ ਆਪਣੀ ਜਾਨਾਂ ਵੀ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਭਲਕੇ ਹੋਣ ਵਾਲੀ ਮੀਟਿੰਗ ਵਿੱਚ ਕੋਈ ਸਾਰਥਕ ਹੱਲ ਨਾ ਨਿਕਲਿਆ ਤਾਂ ਅਧਿਆਪਕ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਕਾਰ ਸਿੰਘ, ਕਪਿਲ ਸ਼ਰਮਾ, ਮਨਜੀਤ ਸਿੰਘ, ਸੁਖਦੀਪ ਕੌਰ, ਸਤਨਾਮ ਸਿੰਘ, ਸਤਿੰਦਰਜੀਤ , ਰਾਮੇਸ਼ ਖੁੰਡਾ, ਸੁਭਾਸ਼ ਚੰਦਰ, ਧਰਮਿੰਦਰ ਸਿੰਘ, ਰਾਜਨ ਸ਼ਰਮਾ ਗੁਰਮੁੱਖ ਸਿੰਘ, ਰਾਕੇਸ਼ ਕੁਮਾਰ, ਕੁਲਵੰਤ ਸਿੰਘ,ਗੁਰਦਿਆਲ ਚੰਦ, ਹਰਜੀਤ ਸਿੰਘ ਅਤੇ ਹਰਦੀਪ ਸਿੰਘ ਆਦਿ ਹਾਜ਼ਰ ਸਨ।










