Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 25 ਅਪਰੈਲ
ਡਰਾਈਵਰ ਅਤੇ ਟੈਕਨੀਕਲ ਇੰਪਲਾਇਜ਼ ਯੂਨੀਅਨ, ਗੁਰਦਾਸਪੁਰ ਵੱਲੋਂ ਅੱਜ ਡੀ.ਸੀ. ਕੰਪਲੈਕਸ ਵਿਖੇ ਇਕ ਅਹਿਮ ਮੀਟਿੰਗ ਕਰਵਾਈ ਗਈ, ਜਿਸ ਵਿੱਚ ਯੂਨੀਅਨ ਨਾਲ ਸੰਬੰਧਿਤ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਅਤੇ ਮੁਸ਼ਕਲਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਦੀ ਅਗਵਾਈ ਯੂਨੀਅਨ ਦੇ ਪ੍ਰਧਾਨ ਸ. ਊਧਮ ਸਿੰਘ ਬੋਨੀ ਨੇ ਕੀਤੀ।
ਮੀਟਿੰਗ ਦੌਰਾਨ ਮੈਂਬਰਾਂ ਨੇ ਆਪਣੇ ਕੰਮਕਾਜ ਦੌਰਾਨ ਦਰਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਖੁੱਲ੍ਹ ਕੇ ਰੱਖਿਆ। ਕਰਮਚਾਰੀਆਂ ਨੇ ਤਨਖਾਹਾਂ, ਡਿਊਟੀ ਘੰਟਿਆਂ, ਸੁਰੱਖਿਆ ਸਹੂਲਤਾਂ ਅਤੇ ਤਰੱਕੀਆਂ ਨਾਲ ਜੁੜੀਆਂ ਮੰਗਾਂ ਨੂੰ ਪ੍ਰਮੁੱਖਤਾ ਨਾਲ ਉਠਾਇਆ। ਇਸ ਮੌਕੇ ਯੂਨੀਅਨ ਪ੍ਰਧਾਨ ਨੇ ਕਿਹਾ ਕਿ ਇਹ ਮੰਗਾਂ ਕਾਫ਼ੀ ਸਮੇਂ ਤੋਂ ਲਟਕ ਰਹੀਆਂ ਹਨ ਅਤੇ ਇਨ੍ਹਾਂ ਦਾ ਜਲਦੀ ਹੱਲ ਹੋਣਾ ਬਹੁਤ ਜ਼ਰੂਰੀ ਹੈ, ਤਾਂ ਜੋ ਕਰਮਚਾਰੀਆਂ ਨੂੰ ਰਾਹਤ ਮਿਲ ਸਕੇ।
ਮੀਟਿੰਗ ਵਿੱਚ ਪੰਜਾਬ ਪ੍ਰਧਾਨ ਸ. ਗੁਰਤੇਜ ਸਿੰਘ ਨੇ ਵੀਡੀਓ ਕਾਲ ਰਾਹੀਂ ਸ਼ਿਰਕਤ ਕਰਦੇ ਹੋਏ ਮੈਂਬਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਯੂਨੀਅਨ ਆਪਣੇ ਮੈਂਬਰਾਂ ਦੇ ਹੱਕਾਂ ਲਈ ਸੰਘਰਸ਼ ਕਰਦੀ ਰਹੇਗੀ ਅਤੇ ਜਲਦ ਹੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮੰਗਾਂ ਦਾ ਹੱਲ ਕਰਵਾਉਣ ਲਈ ਪ੍ਰਯਾਸ ਤੇਜ਼ ਕੀਤੇ ਜਾਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਲੋੜ ਪਈ ਤਾਂ ਯੂਨੀਅਨ ਵੱਲੋਂ ਸੰਘਰਸ਼ ਦਾ ਰਾਹ ਵੀ ਅਪਣਾਇਆ ਜਾ ਸਕਦਾ ਹੈ।
ਇਸ ਮੌਕੇ ਸ. ਗੁਰਨਾਮ ਸਿੰਘ (ਸਾਬਕਾ ਪ੍ਰਧਾਨ), ਸ. ਸੁਖਵਿੰਦਰ ਸਿੰਘ (ਸੀਨੀਅਰ ਮੀਤ ਪ੍ਰਧਾਨ), ਸ. ਅਵਤਾਰ ਸਿੰਘ (ਜਨਰਲ ਸਕੱਤਰ), ਸ. ਸ਼ਰਨਜੀਤ ਸਿੰਘ (ਸਹਾਇਕ ਜਨਰਲ ਸਕੱਤਰ), ਸ. ਇੰਦਰਜੀਤ ਸਿੰਘ (ਖਜਾਨਚੀ), ਕਮਲਜੀਤ ਸਿੰਘ, ਸੁਖਦੇਵ ਸਿੰਘ ਚਾਵਰ, ਰਵੇਲ ਸਿੰਘ, ਕਰਮਬੀਰ, ਸਵਰਨਜੋਤੀ, ਅਮਨ ਸਮੇਤ ਹੋਰ ਮੈਂਬਰ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ।

ਮੀਟਿੰਗ ਦੇ ਅੰਤ ਵਿੱਚ ਯੂਨੀਅਨ ਵੱਲੋਂ ਫੈਸਲਾ ਕੀਤਾ ਗਿਆ ਕਿ ਆਪਣੀਆਂ ਮੰਗਾਂ ਦੇ ਜਲਦੀ ਨਿਪਟਾਰੇ ਲਈ ਸੰਬੰਧਿਤ ਵਿਭਾਗਾਂ ਅਤੇ ਅਧਿਕਾਰੀਆਂ ਨਾਲ ਤੁਰੰਤ ਰਾਬਤਾ ਕੀਤਾ ਜਾਵੇਗਾ। ਜੇ ਮੰਗਾਂ ਨੂੰ ਅਣਦੇਖਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ੀ ਪ੍ਰੋਗਰਾਮ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ।
ਯੂਨੀਅਨ ਆਗੂਆਂ ਨੇ ਇਕਜੁਟਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਰੇ ਮੈਂਬਰ ਇਕਠੇ ਰਹਿ ਕੇ ਹੀ ਆਪਣੇ ਹੱਕ ਹਾਸਲ ਕਰ ਸਕਦੇ ਹਨ।


Share & like

Leave a Reply