Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 25 ਅਪਰੈਲ
ਸੀਪੀਆਈ (ਐਮਐਲ) ਲਿਬਰੇਸ਼ਨ ਨੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਤੋਂ ਚੁਣੇ ਗਏ ਸੱਤ ਰਾਜ ਸਭਾ ਮੈਂਬਰਾਂ ਦੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦੇ ਤਾਜ਼ਾ ਸਿਆਸੀ ਘਟਨਾਕ੍ਰਮ ਨੂੰ ਪੰਜਾਬ ਅਤੇ ਦੇਸ਼ ਦੀ ਰਾਜਨੀਤੀ ਵਿੱਚ ਗੰਭੀਰ ਨਿਘਾਰ ਦਾ ਪ੍ਰਤੀਕ ਕਰਾਰ ਦਿੱਤਾ ਹੈ। ਪਾਰਟੀ ਦਾ ਮੰਨਣਾ ਹੈ ਕਿ ਪਿਛਲੇ ਲਗਭਗ 12 ਸਾਲਾਂ ਵਿੱਚ ਭਾਜਪਾ ਦੇ ਰਾਜ ਦੌਰਾਨ ਦੇਸ਼ ਦੀ ਰਾਜਨੀਤੀ ਵੱਡੇ ਪੱਧਰ ‘ਤੇ ਕਾਰੋਬਾਰੀ ਸੋਚ ਦੇ ਅਧੀਨ ਆ ਗਈ ਹੈ, ਜਿੱਥੇ ਅਸੂਲਾਂ ਨਾਲੋਂ ਸੱਤਾ ਪ੍ਰਾਪਤੀ ਹੀ ਮੁੱਖ ਲਕਸ਼ ਬਣ ਗਿਆ ਹੈ।
ਇਸ ਸਬੰਧੀ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਰੋਜ਼ਾਨਾ ਖ਼ਬਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਇੱਕ ਤਾਨਾਸ਼ਾਹੀ ਰੁਝਾਨ ਵਾਲੀ ਪਾਰਟੀ ਹੈ, ਜਿਸਦਾ ਮੁੱਖ ਉਦੇਸ਼ ਹਰ ਹਾਲਤ ਵਿੱਚ ਰਾਜਨੀਤਿਕ ਦਬਦਬਾ ਕਾਇਮ ਕਰਨਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਅਸੂਲਾਂ ਅਤੇ ਲੋਕਤੰਤਰਕ ਕਦਰਾਂ-ਕੀਮਤਾਂ ਦੀ ਕੋਈ ਵੱਡੀ ਅਹਿਮੀਅਤ ਨਹੀਂ ਰਹਿ ਜਾਂਦੀ ਹੈ।
ਉਨ੍ਹਾਂ ਦਲੀਲ ਦਿੱਤੀ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਦੀ ਵਿਚਾਰਧਾਰਾ ਅਤੇ ਅਮਲੀ ਰਾਜਨੀਤੀ ਵਿੱਚ ਵੱਡਾ ਅੰਤਰ ਨਹੀਂ ਹੈ। ਜਦੋਂ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਇਹ ਰਾਜ ਸਭਾ ਮੈਂਬਰ ਚੁਣੇ ਸਨ, ਉਸ ਵੇਲੇ ਹੀ ਕਰੋੜਾਂ ਦੇ ਲੈਣ-ਦੇਣ ਦੇ ਦੋਸ਼ ਲੱਗੇ ਸਨ, ਜਿਨ੍ਹਾਂ ਨੂੰ ਕਦੇ ਵੀ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ ਗਿਆ।
ਬਖਤਪੁਰਾ ਨੇ ਇਹ ਗੱਲ ਵੀ ਉਜਾਗਰ ਕੀਤੀ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਮੈਂਬਰ ਨਾ ਤਾਂ ਪੰਜਾਬ ਨਾਲ ਜੁੜੇ ਹੋਏ ਸਨ ਅਤੇ ਨਾ ਹੀ ਆਮ ਆਦਮੀ ਪਾਰਟੀ ਦੇ ਮੁਢਲੇ ਕਾਰਕੁਨ ਜਾਂ ਸਮਰਥਕ ਸਨ। ਇਸ ਪ੍ਰਸੰਗ ਵਿੱਚ ਉਨ੍ਹਾਂ ਦੀ ਦਲ-ਬਦਲੀ ਕਿਸੇ ਵੀ ਤਰ੍ਹਾਂ ਹੈਰਾਨੀਜਨਕ ਨਹੀਂ ਹੈ, ਬਲਕਿ ਇਹ ਉਸੇ ਰਾਜਨੀਤਿਕ ਸੰਸਕਾਰ ਦਾ ਨਤੀਜਾ ਹੈ ਜਿਸ ਵਿੱਚ ਨਿੱਜੀ ਲਾਭ ਅਤੇ ਸੱਤਾ ਦੀ ਲਾਲਸਾ ਪਹਿਲਾਂ ਆਉਂਦੀ ਹੈ।
ਅੰਤ ਵਿੱਚ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਅੰਦਰ ਮੌਜੂਦ ਤਾਨਾਸ਼ਾਹੀ ਰੁਝਾਨ ਪਾਰਟੀ ਨੂੰ ਹੋਰ ਗੰਭੀਰ ਸੰਕਟਾਂ ਵੱਲ ਧੱਕ ਸਕਦੇ ਹਨ ਅਤੇ ਇਹ ਸਾਰੀ ਸਥਿਤੀ ਲੋਕਤੰਤਰ ਲਈ ਚਿੰਤਾਜਨਕ ਹੈ।

ਕਾਮਰੇਡ ਗੁਰਮੀਤ ਸਿੰਘ ਬਖਤਪੁਰਾ


Share & like

Leave a Reply