Share & like

ਜਤਿੰਦਰ ਬੈਂਸ / ਰੋਜ਼ਾਨਾ ਖ਼ਬਰ
ਜਲੰਧਰ, 25 ਅਪਰੈਲ
ਜਲੰਧਰ ਵਿੱਚ ਸ਼ਨੀਵਾਰ ਨੂੰ ਉਸ ਵੇਲੇ ਸਿਆਸੀ ਮਾਹੌਲ ਤਪ ਗਿਆ ਜਦੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸਾਬਕਾ ਕ੍ਰਿਕਟਰ ਅਤੇ ਸੰਸਦ ਮੈਂਬਰ ਹਰਭਜਨ ਸਿੰਘ ਅਤੇ ਉਦਯੋਗਪਤੀ-ਸਿੱਖਿਆਗਰ ਅਸ਼ੋਕ ਮਿੱਤਲ ਵਿਰੁੱਧ ਤਿੱਖਾ ਰੋਸ ਪ੍ਰਦਰਸ਼ਨ ਕੀਤਾ। ਦੋਵੇਂ ਆਗੂ ਹਾਲ ਹੀ ਵਿੱਚ ‘ਆਪ’ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ, ਜਿਸ ਕਾਰਨ ਪਾਰਟੀ ਵਰਕਰਾਂ ਵਿੱਚ ਭਾਰੀ ਨਾਰਾਜ਼ਗੀ ਵੇਖਣ ਨੂੰ ਮਿਲੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਬਾਹਰ ਕੰਧਾਂ ਉੱਤੇ ਗਦਾਰ ਸ਼ਬਦ ਵੀ ਲਿੱਖ ਦਿੱਤੇ।
ਜਲੰਧਰ ਦੇ ਛੋਟੀ ਬਾਰਾਦਰੀ ਇਲਾਕੇ ਵਿੱਚ ਸਥਿਤ ਹਰਭਜਨ ਸਿੰਘ ਦੀ ਰਿਹਾਇਸ਼ ਦੇ ਬਾਹਰ ‘ਆਪ’ ਵਰਕਰਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਨਾਅਰੇਬਾਜ਼ੀ ਕੀਤੀ ਅਤੇ ਗੁੱਸੇ ਵਿੱਚ ਆ ਕੇ ਘਰ ਦੀਆਂ ਕੰਧਾਂ ‘ਤੇ ‘ਗੱਦਾਰ’ ਸ਼ਬਦ ਵੀ ਲਿਖ ਦਿੱਤਾ।
ਪ੍ਰਦਰਸ਼ਨ ਦੀ ਅਗਵਾਈ ਜਲੰਧਰ ਦੇ ਮੇਅਰ ਵਿਨੀਤ ਧੀਰ ਅਤੇ ਹਲਕਾ ਇੰਚਾਰਜ ਨਿਤਿਨ ਕੋਹਲੀ ਵੱਲੋਂ ਕੀਤੀ ਗਈ। ਵਰਕਰਾਂ ਨੇ “ਭੱਜੀ BJP ’ਚ ਭੱਜ ਗਿਆ” ਅਤੇ ਗਦਾਰ ਵਰਗੇ ਨਾਅਰੇ ਲਗਾ ਕੇ ਆਪਣਾ ਗੁੱਸਾ ਜਾਹਿਰ ਕੀਤਾ।
ਇਸਦੇ ਨਾਲ ਹੀ, Lovely Professional University (LPU) ਦੇ ਬਾਹਰ ਵੀ ਵਰਕਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ, ਜੋ ਕਿ ਅਸ਼ੋਕ ਮਿੱਤਲ ਦੀ ਮਾਲਕੀ ਵਾਲੀ ਯੂਨੀਵਰਸਿਟੀ ਹੈ। ਇੱਥੇ ਵੀ ਵਰਕਰਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਦੋਵਾਂ ਆਗੂਆਂ ਨੂੰ ‘ਵਿਕਾਊ’ ਅਤੇ ‘ਧੋਖੇਬਾਜ਼’ ਕਰਾਰ ਦਿੱਤਾ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ “ਜਿਨ੍ਹਾਂ ਨੇ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।” “ਪਾਰਟੀ ਨੇ ਉਨ੍ਹਾਂ ਨੂੰ ਸਨਮਾਨ ਦਿੱਤਾ, ਪਰ ਉਨ੍ਹਾਂ ਨੇ ਭਰੋਸਾ ਤੋੜਿਆ।” ਉਨ੍ਹਾਂ ਕਿਹਾ ਕਿ “ਜਲੰਧਰ ਵਾਸੀਆਂ ਨੂੰ ਹਰਭਜਨ ਸਿੰਘ ’ਤੇ ਮਾਣ ਸੀ, ਪਰ ਇਹ ਫੈਸਲਾ ਲੋਕਾਂ ਦੀ ਭਾਵਨਾ ਦੇ ਖਿਲਾਫ ਹੈ।”

ਦੋਵਾਂ ਥਾਵਾਂ ’ਤੇ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਣ ਲਈ ਪੁਲੀਸ ਵੱਲੋਂ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ। ਹਾਲਾਤ ਤਣਾਅਪੂਰਨ ਰਹੇ ਪਰ ਕਾਬੂ ਵਿੱਚ ਰਹੇ।
ਇਹ ਘਟਨਾ ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਮੋੜ ਮੰਨੀ ਜਾ ਰਹੀ ਹੈ। ‘ਆਪ’ ਦੇ ਕਈ ਵੱਡੇ ਚਿਹਰੇ ਇਕੱਠੇ ਭਾਜਪਾ ਵਿੱਚ ਜਾਣ ਨਾਲ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ ਅਤੇ ਵਰਕਰ ਪੱਧਰ ’ਤੇ ਅਸੰਤੋਸ਼ ਖੁੱਲ੍ਹ ਕੇ ਸਾਹਮਣੇ ਆ ਰਿਹਾ ਹੈ


Share & like

Leave a Reply