ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 13 ਅਪਰੈਲ
ਸਿੱਖਿਆ ਬਲਾਕ ਧਾਰੀਵਾਲ ਅਧੀਨ ਸਰਕਾਰੀ ਪ੍ਰਾਇਮਰੀ ਸਕੂਲ ਰਣੀਆ ਵਿਖੇ ਪ੍ਰੀ-ਪ੍ਰਾਇਮਰੀ ਸਿੱਖਿਆ ਨੂੰ ਹੋਰ ਰੋਚਕ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ‘ਹੈਂਡ ਮੇਡ ਮਟੀਰੀਅਲ’ (ਹੱਥੀਂ ਤਿਆਰ ਸਿੱਖਣ ਸਮੱਗਰੀ) ਸੰਬੰਧੀ ਇੱਕ ਵਿਸ਼ੇਸ਼ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

ਇਸ ਵਰਕਸ਼ਾਪ ਵਿੱਚ ਬਲਾਕ ਦੇ ਤਿੰਨ ਕਲਸਟਰ ਸਕੂਲਾਂ ਨਾਲ ਸੰਬੰਧਿਤ ਪ੍ਰੀ-ਪ੍ਰਾਇਮਰੀ ਅਧਿਆਪਕਾਂ ਨੇ ਸਰਗਰਮ ਹਿੱਸਾ ਲਿਆ ਅਤੇ ਬੱਚਿਆਂ ਨੂੰ ਰੁਚਿਕਰ ਢੰਗ ਨਾਲ ਸਿਖਾਉਣ ਲਈ ਵੱਖ-ਵੱਖ ਪ੍ਰਕਾਰ ਦੀ ਸਿੱਖਿਆ ਸਹਾਇਕ ਸਮੱਗਰੀ ਤਿਆਰ ਕੀਤੀ।
ਵਰਕਸ਼ਾਪ ਦਾ ਦੌਰਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਵਿੰਦਰ ਸਿੰਘ, ਬੀ.ਆਰ.ਸੀ. ਜਗਦੀਸ਼ ਬੈਂਸ, ਰੂਪ ਸੋਨ ਅਤੇ ਹੈਡ ਟੀਚਰ ਜਸਵਿੰਦਰ ਕੌਰ ਵੱਲੋਂ ਕੀਤਾ ਗਿਆ। ਉਨ੍ਹਾਂ ਅਧਿਆਪਕਾਂ ਵੱਲੋਂ ਤਿਆਰ ਕੀਤੀ ਸਮੱਗਰੀ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਨਾਲ ਬੱਚਿਆਂ ਦੇ ਬੌਧਿਕ ਵਿਕਾਸ ਨੂੰ ਮਜ਼ਬੂਤੀ ਮਿਲਦੀ ਹੈ ਅਤੇ ਅਧਿਆਪਕਾਂ ਨੂੰ ਨਵੀਂ ਸਿਖਲਾਈ ਤਕਨੀਕਾਂ ਨਾਲ ਅਪਡੇਟ ਰਹਿਣ ਦਾ ਮੌਕਾ ਮਿਲਦਾ ਹੈ।
ਇਸ ਦੌਰਾਨ ਪ੍ਰਥਮ ਐਜੂਕੇਸ਼ਨ ਫਾਊਂਡੇਸ਼ਨ ਦੀ ਜ਼ਿਲ੍ਹਾ ਕੋਆਰਡੀਨੇਟਰ ਅੰਜਲੀ ਸ਼ਰਮਾ ਅਤੇ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਸੁਨੀਤਾ ਦੀ ਅਗਵਾਈ ਹੇਠ ਅਧਿਆਪਕਾਂ ਨੇ ਘੱਟ ਲਾਗਤ ਵਾਲੀਆਂ ਅਤੇ ਘਰੇਲੂ ਉਪਲਬਧ ਚੀਜ਼ਾਂ ਦੀ ਵਰਤੋਂ ਕਰਕੇ ਸੁੰਦਰ ਚਾਰਟ, ਗੇਮ ਅਧਾਰਿਤ ਸਿਖਲਾਈ ਸਮੱਗਰੀ ਅਤੇ ਹੋਰ ਰਚਨਾਤਮਕ ਮਾਡਲ ਤਿਆਰ ਕੀਤੇ।

ਅਧਿਆਪਕਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਹੱਥੀਂ ਤਿਆਰ ਕੀਤੀ ਸਮੱਗਰੀ ਰਾਹੀਂ ਬੱਚਿਆਂ ਨੂੰ ਖੇਡ-ਖੇਡ ਵਿੱਚ ਸਿੱਖਿਆ ਦੇਣਾ ਆਸਾਨ ਬਣ ਜਾਂਦਾ ਹੈ ਅਤੇ ਉਹਨਾਂ ਦੀ ਸਿੱਖਣ ਪ੍ਰਤੀ ਰੁਚੀ ਵੀ ਵਧਦੀ ਹੈ।










