ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 12 ਅਪਰੈਲ
ਅਕੈਡਮਿਕ ਸਪੋਰਟਸ ਗਰੁੱਪ ਵੱਲੋਂ ਭਾਰਤ ਦੇ ਮਹਾਨ ਸੰਵਿਧਾਨ ਨਿਰਮਾਤਾ ਡਾ. ਬੀ. ਆਰ. ਅੰਬੇਡਕਰ ਦੀ ਜਯੰਤੀ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜੋ ਕਿ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਨਾਮ ਸਿੰਘ DRC(P) ਅਤੇ ਅਸ਼ੋਕ ਕੁਮਾਰ DRC (UP) ਨੇ ਦੱਸਿਆ ਕਿ ਇਹ ਸਮਾਗਮ 13 ਅਪ੍ਰੈਲ 2026 ਨੂੰ ਸਵੇਰੇ 11:30 ਵਜੇ DIET ਗੁਰਦਾਸਪੁਰ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਡਾ. ਅੰਬੇਡਕਰ ਜੀ ਦੇ ਜੀਵਨ, ਉਨ੍ਹਾਂ ਦੇ ਮਹਾਨ ਵਿਚਾਰਾਂ ਅਤੇ ਸਮਾਜ ਲਈ ਕੀਤੇ ਗਏ ਅਮੂਲਕ ਯੋਗਦਾਨ ਨੂੰ ਯਾਦ ਕਰਨਾ ਹੈ।
ਉਨ੍ਹਾਂ ਨੇ ਹੋਰ ਦੱਸਿਆ ਕਿ ਇਸ ਮੌਕੇ ‘ਤੇ ਵਿਦਿਆਰਥੀਆਂ ਅਤੇ ਹਾਜ਼ਰੀਨਾਂ ਵੱਲੋਂ ਭਾਸ਼ਣ, ਕਵਿਤਾਵਾਂ ਅਤੇ ਵਿਚਾਰ-ਵਟਾਂਦਰੇ ਰਾਹੀਂ ਡਾ. ਅੰਬੇਡਕਰ ਜੀ ਦੇ ਸੰਦੇਸ਼ ਨੂੰ ਅੱਗੇ ਵਧਾਇਆ ਜਾਵੇਗਾ। ਸਮਾਗਮ ਦੌਰਾਨ ਸਮਾਜਿਕ ਸਮਾਨਤਾ, ਸਿੱਖਿਆ ਅਤੇ ਅਧਿਕਾਰਾਂ ਵਰਗੇ ਮਹੱਤਵਪੂਰਨ ਵਿਸ਼ਿਆਂ ‘ਤੇ ਵੀ ਚਰਚਾ ਕੀਤੀ ਜਾਵੇਗੀ, ਜੋ ਕਿ ਡਾ. ਅੰਬੇਡਕਰ ਜੀ ਦੀ ਸੋਚ ਦਾ ਕੇਂਦਰ ਰਹੇ ਹਨ।
ਇਸ ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਪਰਮਜੀਤ ਮੁੱਖ ਮਹਿਮਾਨ ਅਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ ਅਨਿਲ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਅੰਤ ਵਿੱਚ ਆਯੋਜਕਾਂ ਵੱਲੋਂ ਸਾਰੇ ਮੈਂਬਰਾਂ, ਵਿਦਿਆਰਥੀਆਂ ਅਤੇ ਇਲਾਕਾ ਵਾਸੀਆਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸਨਮਾਨ ਸਹਿਤ ਨਿਯੋਤਾ ਦਿੱਤਾ ਗਿਆ ਅਤੇ ਇਸ ਦਿਹਾੜੇ ਨੂੰ ਯਾਦਗਾਰ ਬਣਾਉਣ ਦੀ ਅਪੀਲ ਕੀਤੀ ਗਈ ਹੈ।











