ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਅੰਬੇਡਕਰ ਦੀ ਵਿਚਾਰਧਾਰਾ ‘ਤੇ ਚੱਲਣ ਦਾ ਸੱਦਾ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 13 ਅਪਰੈਲ
ਅਕੈਡਮਿਕ ਸਪੋਰਟਸ ਗਰੁੱਪ ਵੱਲੋਂ ਡੀਆਰਸੀ (ਪ੍ਰਾਇਮਰੀ) ਗੁਰਨਾਮ ਸਿੰਘ ਦੀ ਅਗਵਾਈ ਹੇਠ ਭਾਰਤ ਦੇ ਮਹਾਨ ਸੰਵਿਧਾਨ ਨਿਰਮਾਤਾ Dr. B. R. Ambedkar ਦੀ ਜਯੰਤੀ ਸਥਾਨਕ ਡਾਇਟ ਗੁਰਦਾਸਪੁਰ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਸਮਾਗਮ ਵਿੱਚ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਡਾ. ਅੰਬੇਡਕਰ ਦੇ ਜੀਵਨ ਅਤੇ ਵਿਚਾਰਾਂ ਨੂੰ ਯਾਦ ਕੀਤਾ।

ਸਮਾਗਮ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ/ਐਲੀਮੈਂਟਰੀ) ਸ੍ਰੀਮਤੀ ਪਰਮਜੀਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਸਮੇਤ ਹੋਰਨਾਂ ਹਾਜ਼ਰੀਨਾਂ ਨੇ ਡਾ. ਅੰਬੇਡਕਰ ਦੀ ਤਸਵੀਰ ਉੱਤੇ ਫੁੱਲ ਮਾਲਾਵਾਂ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਾ. ਅੰਬੇਡਕਰ ਦੀ ਭਾਰਤ ਨੂੰ ਬੇਮਿਸਾਲ ਦੇਣ ਹੈ, ਜਿਨ੍ਹਾਂ ਨੇ ਸੰਵਿਧਾਨ ਨਿਰਮਾਣ ਕਮੇਟੀ ਦੀ ਅਗਵਾਈ ਕਰਦਿਆਂ ਦੇਸ਼ ਨੂੰ ਇੱਕ ਮਜ਼ਬੂਤ ਲੋਕਤੰਤਰਕ ਢਾਂਚਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਡਾ. ਅੰਬੇਡਕਰ ਦਾ ਸੁਪਨਾ ਇੱਕ ਮਾਨਵਤਾਵਾਦੀ ਅਤੇ ਸਮਾਨਤਾ ਅਧਾਰਿਤ ਸਮਾਜ ਦੀ ਸਿਰਜਣਾ ਕਰਨਾ ਸੀ, ਜਿਸ ਵਿੱਚ ਹਰ ਇਕ ਵਿਅਕਤੀ ਨੂੰ ਬਰਾਬਰ ਦੇ ਅਧਿਕਾਰ ਪ੍ਰਾਪਤ ਹੋਣ।

ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਅੱਜ ਵੀ ਸਮਾਜ ਵਿੱਚ ਕਹਿਣੀ ਅਤੇ ਕਥਨੀ ਵਿਚ ਫਰਕ ਨਜ਼ਰ ਆਉਂਦਾ ਹੈ ਅਤੇ ਕੁਝ ਲੋਕ ਅਜਿਹੀ ਸਥਿਤੀ ਬਣਾਈ ਰੱਖਣਾ ਚਾਹੁੰਦੇ ਹਨ, ਜਿੱਥੇ ਵਿਤਕਰਾ ਜਾਰੀ ਰਹੇ। ਖ਼ਾਸ ਕਰਕੇ ਔਰਤਾਂ ਨੂੰ ਅਜੇ ਵੀ ਪੂਰੇ ਅਧਿਕਾਰ ਨਹੀਂ ਮਿਲ ਰਹੇ, ਜਿਸ ਲਈ ਸਮਾਜ ਨੂੰ ਜਾਗਰੂਕ ਹੋਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਨੇ ਸਿੱਖਿਆ ਨੂੰ ਸਭ ਤੋਂ ਵੱਡੀ ਤਾਕਤ ਮੰਨਿਆ ਅਤੇ ਹਰ ਵਰਗ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਇਸ ਕਰਕੇ ਅਧਿਆਪਕ ਵਰਗ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ ਕਿ ਉਹ ਬੱਚਿਆਂ ਨੂੰ ਸਿਰਫ਼ ਪਾਠਕ੍ਰਮਕ ਗਿਆਨ ਹੀ ਨਹੀਂ, ਸਗੋਂ ਚੰਗੀਆਂ ਮੁੱਲਾਂ ਅਤੇ ਸਮਾਜਿਕ ਬਰਾਬਰੀ ਦੀ ਸਿੱਖਿਆ ਵੀ ਦੇਣ।

ਸਮਾਗਮ ਦੌਰਾਨ ਅਧਿਆਪਕਾਂ ਨੂੰ ਡਾ. ਅੰਬੇਡਕਰ ਦੀਆਂ ਸਿੱਖਿਆਵਾਂ ‘ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਅਜਿਹੇ ਸਮਾਰੋਹ ਲਗਾਤਾਰ ਕਰਵਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ। ਡੀਆਰਸੀ ਗੁਰਨਾਮ ਸਿੰਘ ਨੇ ਸਮਾਗਮ ਦੀ ਸਫਲਤਾ ਲਈ ਸਾਰੇ ਅਧਿਆਪਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਕਾਰਜਾਂ ਲਈ ਸਹਿਯੋਗ ਦੀ ਅਪੀਲ ਕੀਤੀ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ “ਐਵਾਰਡ ਆਫ ਆਨਰ” ਨਾਲ ਸਨਮਾਨਿਤ ਵੀ ਕੀਤਾ ਗਿਆ।

ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਅਨੁਰਾਧਾ ਡਿਗਰਾ, ਪਵਨ ਕੁਮਾਰ, ਕੁਲਦੀਪ ਪੁਰੇਵਾਲ, ਅਸ਼ਵਨੀ ਫੱਜੂਪੁਰ, ਅਨੂ, ਅਮਨ ਬੋਧ, ਬੀ.ਆਰ.ਸੀ. ਸੰਦੀਪ ਕੁਮਾਰ, ਵਰਿੰਦਰ ਕੁਮਾਰ, ਸਟੇਟ ਐਵਾਰਡੀ ਜੀਤ ਰਾਜ, ਸੁਭਾਸ਼ ਕੁਮਾਰ, ਰਘੁਬੀਰ ਲਾਲ, ਸ਼ਮਸ਼ੇਰ ਸਿੰਘ (ਸੀ.ਐਚ.ਟੀ) ਅਤੇ ਮਨਜਿੰਦਰ ਸਿੰਘ (ਸੀ.ਐਚ.ਟੀ) ਸਮੇਤ ਕਈ ਹੋਰ ਹਾਜ਼ਰ ਸਨ।










