ਪੈਟਰੋਲ, ਡੀਜ਼ਲ ਅਤੇ ਐਲ.ਪੀ.ਜੀ. ਗੈਸ ਦੀ ਕਾਲਾਬਾਜ਼ਾਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 11 ਮਾਰਚ
ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਟਰੋਲ, ਡੀਜ਼ਲ ਅਤੇ ਐਲ.ਪੀ.ਜੀ. ਗੈਸ ਦੀ ਨਿਰੰਤਰ ਸਪਲਾਈ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਆਦਿੱਤਿਆ ਉੱਪਲ ਵੱਲੋਂ ਅੱਜ ਗੈਸ ਏਜੰਸੀਆਂ ਦੇ ਡਿਸਟਰੀਬਿਊਟਰਾਂ ਅਤੇ ਪੈਟਰੋਲ ਪੰਪ ਮਾਲਕਾਂ ਨਾਲ ਇਕ ਮਹੱਤਵਪੂਰਨ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਮੌਜੂਦਾ ਸਮੇਂ ਖਾੜੀ ਖੇਤਰ ਦੇ ਦੇਸ਼ਾਂ ਵਿੱਚ ਬਣ ਰਹੇ ਜੰਗੀ ਤਣਾਅ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹੇ ਵਿੱਚ ਪੈਟਰੋਲ, ਡੀਜ਼ਲ ਅਤੇ ਘਰੇਲੂ ਵਰਤੋਂ ਲਈ ਐਲ.ਪੀ.ਜੀ. ਗੈਸ ਸਿਲੰਡਰਾਂ ਦੀ ਸਪਲਾਈ ਲਗਾਤਾਰ ਜਾਰੀ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਜਾਵੇਗੀ।
ਉਨ੍ਹਾਂ ਸਪੱਸ਼ਟ ਕੀਤਾ ਕਿ ਪੈਟਰੋਲ, ਡੀਜ਼ਲ ਅਤੇ ਐਲ.ਪੀ.ਜੀ. ਗੈਸ ਦੀ ਚੋਰੀ ਜਾਂ ਕਾਲਾਬਾਜ਼ਾਰੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਕੋਈ ਵੀ ਡਿਸਟਰੀਬਿਊਟਰ ਜਾਂ ਪੈਟਰੋਲ ਪੰਪ ਮਾਲਕ ਬਲੈਕ ਮਾਰਕਿਟਿੰਗ ਕਰਦਾ ਫੜਿਆ ਗਿਆ ਤਾਂ ਉਸਦੇ ਖ਼ਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੀਆਂ ਗੈਸ ਏਜੰਸੀਆਂ ਅਤੇ ਪੈਟਰੋਲ ਪੰਪਾਂ ‘ਤੇ ਲੋੜੀਂਦਾ ਸਟਾਕ ਉਪਲਬਧ ਹੈ, ਇਸ ਲਈ ਲੋਕ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਆਪਣੀ ਲੋੜ ਅਨੁਸਾਰ ਪਹਿਲਾਂ ਵਾਂਗ ਹੀ ਗੈਸ ਬੁਕਿੰਗ ਜਾਂ ਪੈਟਰੋਲ-ਡੀਜ਼ਲ ਲੈ ਸਕਦੇ ਹਨ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਸਿਮਰਨ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਪ੍ਰੀਤ ਸਿੰਘ ਗਿੱਲ, ਚੇਅਰਮੈਨ ਰਾਜੀਵ ਸ਼ਰਮਾ, ਹਲਕਾ ਇੰਚਾਰਜ ਰਮਨ ਬਹਿਲ, ਡੀ.ਐਫ.ਐਸ.ਸੀ. ਰਾਜ ਰਿਸ਼ੀ ਮਹਿਰਾ, ਖੁਰਾਕ ਤੇ ਸਪਲਾਈ ਵਿਭਾਗ ਦੇ ਇੰਸਪੈਕਟਰ ਅਸ਼ੋਕ ਕੁਮਾਰ, ਸੇਲਜ਼ ਅਫ਼ਸਰ ਬਾਵੇਸ਼, ਗੈਸ ਏਜੰਸੀਆਂ ਦੇ ਡਿਸਟਰੀਬਿਊਟਰ ਅਤੇ ਪੈਟਰੋਲ ਪੰਪ ਮਾਲਕ ਵੀ ਹਾਜ਼ਰ ਸਨ।










