ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 11 ਮਾਰਚ
ਕ੍ਰਿਸ਼ੀ ਵਿਗਿਆਨ ਕੇਂਦਰ (KVK) ਗੁਰਦਾਸਪੁਰ ਵੱਲੋਂ ਅੱਜ ਰੈੱਡ ਕ੍ਰਾਸ ਨਸ਼ਾ ਛੁਡਾਊ ਤੇ ਪੁਨਰਵਾਸ ਕੇਂਦਰ ਗੁਰਦਾਸਪੁਰ ਵਿਖੇ ਰੋਜ਼ਗਾਰ ਉਤਪੱਤੀ ਪ੍ਰੋਗਰਾਮ ਦੇ ਤਹਿਤ ਇੱਕ ਵੋਕੇਸ਼ਨਲ ਟ੍ਰੇਨਿੰਗ ਸੈਮੀਨਾਰ ਕਰਵਾਇਆ ਗਿਆ। ਇਸ ਟ੍ਰੇਨਿੰਗ ਦਾ ਮਕਸਦ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਕਰਵਾ ਰਹੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ ਹੁਨਰਮੰਦ ਬਣਾਉਣਾ ਸੀ।
ਇਸ ਮੌਕੇ ਨੈਸ਼ਨਲ ਐਵਾਰਡੀ ਰੋਮੇਸ਼ ਮਹਾਜਨ ਨੇ ਦੱਸਿਆ ਕਿ ਕੇਵੀਕੇ ਗੁਰਦਾਸਪੁਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਕਿਲ ਅਤੇ ਵੋਕੇਸ਼ਨਲ ਟ੍ਰੇਨਿੰਗਾਂ ਯੁਵਕਾਂ ਨੂੰ ਖੁਦ ਦਾ ਰੋਜ਼ਗਾਰ ਸ਼ੁਰੂ ਕਰਨ ਅਤੇ ਬਿਹਤਰ ਜੀਵਨ ਵੱਲ ਵਧਣ ਲਈ ਪ੍ਰੇਰਿਤ ਕਰਦੀਆਂ ਹਨ।
ਸੈਮੀਨਾਰ ਦੌਰਾਨ ਮਸ਼ਰੂਮ ਕਾਸ਼ਤ ਅਤੇ ਪਸ਼ੂ ਪਾਲਣ ਸਬੰਧੀ ਵਿਸ਼ੇਸ਼ ਲੈਕਚਰ ਕਰਵਾਏ ਗਏ। ਕੇਵੀਕੇ ਗੁਰਦਾਸਪੁਰ ਦੀਆਂ ਡਾ. ਯਾਮਿਨੀ ਅਤੇ ਡਾ. ਅੰਕੁਸ਼ ਨੇ ਹਾਜ਼ਰ ਯੁਵਕਾਂ ਨੂੰ ਮਸ਼ਰੂਮ ਕਾਸ਼ਤ, ਮੱਖੀ ਪਾਲਣ, ਸੂਰ ਪਾਲਣ, ਪੋਲਟਰੀ ਫਾਰਮਿੰਗ ਅਤੇ ਹੋਰ ਸੰਬੰਧਿਤ ਕਾਰੋਬਾਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸ ਟ੍ਰੇਨਿੰਗ ਵਿੱਚ ਕੇਂਦਰ ਵਿੱਚ ਇਲਾਜ ਕਰਵਾ ਰਹੇ 25 ਤੋਂ ਵੱਧ ਯੁਵਕਾਂ ਨੇ ਭਾਗ ਲਿਆ। ਟ੍ਰੇਨਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਕਾਰੋਬਾਰ ਘੱਟ ਖਰਚ ਨਾਲ ਸ਼ੁਰੂ ਕਰਕੇ ਵਧੀਆ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਜਿਹੜੇ ਲੋਕ ਇਹਨਾਂ ਖੇਤਰਾਂ ਵਿੱਚ ਕੰਮ ਸ਼ੁਰੂ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਕੇਵੀਕੇ ਵੱਲੋਂ ਹਰ ਸੰਭਵ ਮਦਦ ਅਤੇ ਟ੍ਰੇਨਿੰਗ ਦਿੱਤੀ ਜਾਵੇਗੀ।
ਕਈ ਨੌਜਵਾਨਾਂ ਨੇ ਇਲਾਜ ਮੁਕੰਮਲ ਹੋਣ ਤੋਂ ਬਾਅਦ ਇਸ ਤਰ੍ਹਾਂ ਦੀ ਪ੍ਰਮਾਣਿਤ ਟ੍ਰੇਨਿੰਗ ਲੈ ਕੇ ਆਪਣੇ ਰੋਜ਼ਗਾਰ ਦੀ ਸ਼ੁਰੂਆਤ ਕਰਨ ਦਾ ਵਾਅਦਾ ਕੀਤਾ।

ਉਨ੍ਹਾਂ ਨੇ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਸ਼ਾ ਇੱਕ ਬਿਮਾਰੀ ਹੈ ਜੋ ਇਲਾਜ ਨਾਲ ਠੀਕ ਹੋ ਸਕਦੀ ਹੈ ਅਤੇ ਇਸ ਤਰ੍ਹਾਂ ਦੀਆਂ ਟ੍ਰੇਨਿੰਗਾਂ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ।










