ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ/ਚੰਡੀਗੜ੍ਹ, 4 ਫ਼ਰਵਰੀ
ਪੰਜਾਬ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਭਾਰੇ ਬਸਤਿਆਂ ਤੋਂ ਰਾਹਤ ਦੇਣ ਲਈ ਵੱਡਾ ਫੈਸਲਾ ਕੀਤਾ ਗਿਆ ਹੈ। ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਣ ਰਾਜ ਦੇ ਸਾਰੇ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਬੱਚਿਆਂ ਦੇ ਸਕੂਲ ਬੈਗ ਦਾ ਭਾਰ ਨਿਰਧਾਰਿਤ ਸੀਮਾ ਅੰਦਰ ਰੱਖਣਾ ਲਾਜ਼ਮੀ ਹੋਵੇਗਾ।
ਇਸ ਸੰਬੰਧੀ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ ਪੰਜਾਬ ਦੇ ਸਹਾਇਕ ਡਾਇਰੈਕਟਰ ਰਾਜੀਵ ਕੁਮਾਰ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕਰਕੇ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਪੱਤਰ ਵਿੱਚ ਕਿਹਾ ਗਿਆ ਹੈ ਕਿ ਬੇਲੋੜੇ ਤੌਰ ’ਤੇ ਵੱਧ ਭਾਰ ਵਾਲੇ ਬਸਤਿਆਂ ਕਾਰਨ ਬੱਚਿਆਂ ਦੀ ਸਿਹਤ ’ਤੇ ਨਕਾਰਾਤਮਕ ਅਸਰ ਪੈ ਰਿਹਾ ਹੈ, ਜਿਸ ਨਾਲ ਕਮਰ ਦਰਦ, ਮੋਢਿਆਂ ਦੀ ਪੀੜ ਅਤੇ ਸਰੀਰਕ ਢਾਂਚੇ ’ਚ ਗੜਬੜੀ ਵਰਗੀਆਂ ਸਮੱਸਿਆਵਾਂ ਵਧ ਰਹੀਆਂ ਹਨ।
ਇਹ ਹਦਾਇਤਾਂ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਦੀਆਂ ਸਿਫਾਰਸ਼ਾਂ ਅਨੁਸਾਰ ਜਾਰੀ ਕੀਤੀਆਂ ਗਈਆਂ ਹਨ। ਨਵੇਂ ਨਿਯਮਾਂ ਤਹਿਤ ਪ੍ਰੀ-ਨਰਸਰੀ ਦੇ ਬੱਚਿਆਂ ਨੂੰ ਬਿਨਾਂ ਕਿਸੇ ਬਸਤੇ ਦੇ ਸਕੂਲ ਆਉਣ ਦੀ ਆਗਿਆ ਹੋਵੇਗੀ।
ਜਮਾਤ ਅਨੁਸਾਰ ਬਸਤੇ ਦੇ ਭਾਰ ਦੀ ਨਿਰਧਾਰਿਤ ਸੀਮਾ:
ਪ੍ਰੀ-ਨਰਸਰੀ: ਕੋਈ ਬੈਗ ਨਹੀਂ
ਪਹਿਲੀ ਤੇ ਦੂਜੀ ਜਮਾਤ: 1.6 ਤੋਂ 2.2 ਕਿਲੋਗ੍ਰਾਮ
ਤੀਜੀ ਤੋਂ ਪੰਜਵੀਂ ਜਮਾਤ: 1.7 ਤੋਂ 2.5 ਕਿਲੋਗ੍ਰਾਮ
ਛੇਵੀਂ ਤੇ ਸੱਤਵੀਂ ਜਮਾਤ: 2 ਤੋਂ 3 ਕਿਲੋਗ੍ਰਾਮ
ਅੱਠਵੀਂ ਜਮਾਤ: 2.5 ਤੋਂ 4 ਕਿਲੋਗ੍ਰਾਮ
ਨੌਵੀਂ ਤੇ ਦਸਵੀਂ ਜਮਾਤ: 2.5 ਤੋਂ 4.5 ਕਿਲੋਗ੍ਰਾਮ
ਗਿਆਰਵੀਂ ਤੇ ਬਾਰਹਵੀਂ ਜਮਾਤ: 3.5 ਤੋਂ 5 ਕਿਲੋਗ੍ਰਾਮ
ਸਿੱਖਿਆ ਵਿਭਾਗ ਨੇ ਸਕੂਲ ਪ੍ਰਬੰਧਕਾਂ ਨੂੰ ਇਹ ਵੀ ਕਿਹਾ ਹੈ ਕਿ ਟਾਈਮ ਟੇਬਲ ਇਸ ਤਰ੍ਹਾਂ ਤਿਆਰ ਕੀਤਾ ਜਾਵੇ ਕਿ ਵਿਦਿਆਰਥੀਆਂ ਨੂੰ ਹਰ ਰੋਜ਼ ਸਾਰੀਆਂ ਕਿਤਾਬਾਂ ਲਿਜਾਣ ਦੀ ਲੋੜ ਨਾ ਪਵੇ। ਇਸ ਦੇ ਨਾਲ ਹੀ ਵਰਕਸ਼ੀਟਾਂ, ਡਿਜ਼ਿਟਲ ਸਾਧਨਾਂ ਅਤੇ ਸਕੂਲ ਵਿੱਚ ਹੀ ਕਿਤਾਬਾਂ ਰੱਖਣ ਦੀ ਵਿਵਸਥਾ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ ਹੈ।
ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਸਕੂਲ ਵਿੱਚ ਨਿਰਧਾਰਿਤ ਹਦਾਇਤਾਂ ਦੀ ਉਲੰਘਣਾ ਪਾਈ ਗਈ ਤਾਂ ਸੰਬੰਧਿਤ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਮਾਤਾ-ਪਿਤਾ ਅਤੇ ਸਿੱਖਿਆ ਵਿਦਵਾਨਾਂ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਸ ਨਾਲ ਬੱਚਿਆਂ ਦੀ ਸਿਹਤ ਅਤੇ ਮਨੋਵਿਗਿਆਨਕ ਵਿਕਾਸ ’ਤੇ ਸਕਾਰਾਤਮਕ ਪ੍ਰਭਾਵ ਪਵੇਗਾ।

ਸਿੱਖਿਆ ਖੇਤਰ ਨਾਲ ਜੁੜੇ ਵਿਸ਼ੇਸ਼ਗਿਆਨ ਮੰਨਦੇ ਹਨ ਕਿ ਇਹ ਕਦਮ ਵਿਦਿਆਰਥੀਆਂ ਨੂੰ ਤਣਾਅ-ਰਹਿਤ ਅਤੇ ਸਿਹਤਮੰਦ ਸਿਖਲਾਈ ਮਾਹੌਲ ਪ੍ਰਦਾਨ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ।










