Share & like

ਜਤਿੰਦਰ ਬੈਂਸ / ਰੋਜ਼ਾਨਾ ਖ਼ਬਰ
ਗੁਰਦਾਸਪੁਰ, 5 ਮਾਰਚ 2026
ਗੁਰਦਾਸਪੁਰ ਦੇ ਜੇਲ੍ਹ ਰੋਡ ਸਥਿਤ ਸਕੀਮ ਨੰਬਰ–5 ਇਲਾਕੇ ਵਿੱਚ ਬੁੱਧਵਾਰ ਸਵੇਰੇ ਦਿਨ-ਦਿਹਾੜੇ ਇਕ ਵੱਡੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਨਿਹੰਗਾਂ ਦੇ ਬਾਣੇ ਵਿੱਚ ਆਏ ਹਥਿਆਰਬੰਦ ਅਣਪਛਾਤੇ ਲੁਟੇਰਿਆਂ ਨੇ ਸਰਾਫ਼ਾ ਕਾਰੋਬਾਰੀ ਵਰੁਣ ਮਹਾਜਨ ਦੇ ਘਰ ਵਿੱਚ ਦਾਖ਼ਲ ਹੋ ਕੇ ਪੂਰੇ ਪਰਿਵਾਰ ਨੂੰ ਪਿਸਤੌਲ ਦੀ ਨੋਕ ‘ਤੇ ਬੰਧਕ ਬਣਾ ਲਿਆ ਅਤੇ ਘਰ ਵਿੱਚੋਂ ਕਰੋੜਾਂ ਰੁਪਏ ਦੀ ਨਕਦੀ ਅਤੇ ਕੀਮਤੀ ਜ਼ੇਵਰਾਤ ਲੁੱਟ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਲੁਟੇਰੇ ਕਰੀਬ 7 ਤੋਂ 8 ਕਰੋੜ ਰੁਪਏ ਤੋਂ ਵੱਧ ਦੀ ਲੁੱਟ ਕਰਕੇ ਭੱਜਣ ਵਿੱਚ ਕਾਮਯਾਬ ਰਹੇ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਡਰਾਈਵਰ ਦੇ ਬਹਾਨੇ ਘਰ ਵਿੱਚ ਦਾਖ਼ਲ ਹੋਏ ਲੁਟੇਰੇ
ਪੀੜਤ ਪਰਿਵਾਰ ਦੀ ਮੈਂਬਰ ਨੇਹਾ ਮਹਾਜਨ ਨੇ ਦੱਸਿਆ ਕਿ ਸਵੇਰੇ ਕਰੀਬ 8 ਵਜੇ ਉਨ੍ਹਾਂ ਦਾ ਡਰਾਈਵਰ ਸਰਬਜੀਤ ਸਿੰਘ ਘਰ ਦੇ ਬਾਹਰ ਖੜੀਆਂ ਗੱਡੀਆਂ ਸਾਫ਼ ਕਰ ਰਿਹਾ ਸੀ। ਇਸ ਦੌਰਾਨ ਨਿਹੰਗਾਂ ਦੇ ਬਾਣੇ ਵਿੱਚ ਆਏ ਚਾਰ ਤੋਂ ਪੰਜ ਹਥਿਆਰਬੰਦ ਬਦਮਾਸ਼ ਉਥੇ ਪਹੁੰਚੇ। ਪਹਿਲਾਂ ਉਨ੍ਹਾਂ ਨੇ ਡਰਾਈਵਰ ਨਾਲ ਗੱਲਬਾਤ ਕੀਤੀ ਅਤੇ ਫਿਰ ਮਾਲਕ ਨੂੰ ਬੁਲਾਉਣ ਦੇ ਬਹਾਨੇ ਉਸਨੂੰ ਘਰ ਦੇ ਅੰਦਰ ਭੇਜ ਦਿੱਤਾ। ਜਿਵੇਂ ਹੀ ਡਰਾਈਵਰ ਘਰ ਦੇ ਅੰਦਰ ਗਿਆ, ਸਾਰੇ ਲੁਟੇਰੇ ਵੀ ਉਸਦੇ ਪਿੱਛੇ-ਪਿੱਛੇ ਘਰ ਵਿੱਚ ਦਾਖ਼ਲ ਹੋ ਗਏ।
ਗੁਰੂਆਂ ਦੀ ਬੇਅਦਬੀ ਦਾ ਦੋਸ਼ ਲਾ ਕੇ ਪਰਿਵਾਰ ਨੂੰ ਡਰਾਇਆ
ਘਰ ਵਿੱਚ ਦਾਖ਼ਲ ਹੋਣ ਤੋਂ ਬਾਅਦ ਬਦਮਾਸ਼ਾਂ ਨੇ ਵਰੁਣ ਮਹਾਜਨ ‘ਤੇ ਸੋਸ਼ਲ ਮੀਡੀਆ ‘ਤੇ ਗੁਰੂਆਂ ਦੀ ਬੇਅਦਬੀ ਕਰਨ ਦਾ ਦੋਸ਼ ਲਗਾਇਆ ਅਤੇ ਇਸੇ ਬਹਾਨੇ ਘਰਵਾਲਿਆਂ ਨਾਲ ਤਕਰਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦੋ ਲੁਟੇਰਿਆਂ ਨੇ ਨੇਹਾ ਮਹਾਜਨ ਦੇ ਸਿਰ ‘ਤੇ ਪਿਸਤੌਲ ਤਾਣ ਦਿੱਤੀ ਅਤੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਇੱਕ ਥਾਂ ਇਕੱਠਾ ਕਰ ਲਿਆ। ਪਰਿਵਾਰਕ ਮੈਂਬਰਾਂ ਦੇ ਅਨੁਸਾਰ ਇੱਕ ਵਿਅਕਤੀ ਜਿਸਨੂੰ ਹੋਰ ਸਾਰੇ “ਜਥੇਦਾਰ” ਕਹਿ ਰਹੇ ਸਨ, ਉਹ ਪੂਰੀ ਕਾਰਵਾਈ ਦੌਰਾਨ ਹੁਕਮ ਦੇ ਰਿਹਾ ਸੀ।
ਪਹਿਲਾਂ ਤੋਂ ਕੀਤੀ ਹੋਈ ਸੀ ਪੂਰੀ ਰੈਕੀ
ਪਰਿਵਾਰ ਨੇ ਦੱਸਿਆ ਕਿ ਬਦਮਾਸ਼ਾਂ ਨੂੰ ਘਰ ਅਤੇ ਕਾਰੋਬਾਰ ਬਾਰੇ ਕਾਫ਼ੀ ਜਾਣਕਾਰੀ ਸੀ। ਉਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਸਾਲ 2009 ਵਿੱਚ ਵਰੁਣ ਮਹਾਜਨ ਦੀ ਦੁਕਾਨ ‘ਤੇ ਪਹਿਲਾਂ ਵੀ ਛਾਪਾ ਪੈ ਚੁੱਕਾ ਹੈ। ਇਸ ਤੋਂ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਵਾਰਦਾਤ ਤੋਂ ਪਹਿਲਾਂ ਪੂਰੀ ਰੈਕੀ ਕੀਤੀ ਹੋਈ ਸੀ ਅਤੇ ਘਰ ਦੀ ਸੁਰੱਖਿਆ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਇਕੱਠੀ ਕਰ ਲਈ ਸੀ।
ਹੱਥ-ਪੈਰ ਬੰਨ੍ਹ ਕੇ ਖੁਲਵਾਈਆਂ ਤਿਜੌਰੀਆਂ
ਪਰਿਵਾਰ ਨੂੰ ਪੂਰੀ ਤਰ੍ਹਾਂ ਡਰਾ ਕੇ ਬਦਮਾਸ਼ਾਂ ਨੇ ਸਾਰੇ ਮੈਂਬਰਾਂ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਮੂੰਹ ‘ਤੇ ਪੱਟੀਆਂ ਲਾ ਦਿੱਤੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਘਰ ਵਿੱਚ ਰੱਖੀਆਂ ਤਿੰਨ ਤੋਂ ਚਾਰ ਤਿਜੌਰੀਆਂ ਦੀਆਂ ਚਾਬੀਆਂ ਮੰਗੀਆਂ ਅਤੇ ਤਿਜੌਰੀਆਂ ਖੁਲਵਾ ਕੇ ਉਨ੍ਹਾਂ ਵਿੱਚ ਪਈ ਵੱਡੀ ਮਾਤਰਾ ਵਿੱਚ ਨਕਦੀ ਅਤੇ ਕੀਮਤੀ ਗਹਿਣੇ ਆਪਣੇ ਕਬਜ਼ੇ ਵਿੱਚ ਕਰ ਲਏ।
ਜੀਪੀਐੱਸ ਤੋਂ ਬਚਣ ਲਈ ਹੈਰੀਅਰ ਕਾਰ ਵੀ ਲੈ ਗਏ
ਬਦਮਾਸ਼ਾਂ ਦੀ ਚਲਾਕੀ ਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ ਕਿ ਉਨ੍ਹਾਂ ਨੇ ਘਰਵਾਲਿਆਂ ਤੋਂ ਪੁੱਛਿਆ ਕਿ ਕਿਹੜੀ ਗੱਡੀ ਵਿੱਚ ਜੀਪੀਐੱਸ ਸਿਸਟਮ ਨਹੀਂ ਲੱਗਾ। ਜਵਾਬ ਮਿਲਣ ਤੋਂ ਬਾਅਦ ਉਹ ਘਰ ਵਿੱਚ ਖੜੀ ਟਾਟਾ ਹੈਰੀਅਰ ਕਾਰ ਵੀ ਆਪਣੇ ਨਾਲ ਲੈ ਗਏ। ਇਸ ਦੇ ਨਾਲ ਹੀ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਦੇ ਮੋਬਾਈਲ ਫ਼ੋਨ ਵੀ ਨਾਲ ਲੈ ਲਏ ਤਾਂ ਜੋ ਘਟਨਾ ਦੀ ਤੁਰੰਤ ਜਾਣਕਾਰੀ ਪੁਲਿਸ ਤੱਕ ਨਾ ਪਹੁੰਚ ਸਕੇ ਅਤੇ ਉਨ੍ਹਾਂ ਦੀ ਲੋਕੇਸ਼ਨ ਟਰੈਕ ਨਾ ਹੋ ਸਕੇ।
ਸੀਸੀਟੀਵੀ ਸਬੂਤ ਮਿਟਾਉਣ ਦੀ ਕੋਸ਼ਿਸ਼
ਸਬੂਤ ਮਿਟਾਉਣ ਲਈ ਲੁਟੇਰਿਆਂ ਨੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਆਪਣੇ ਨਾਲ ਲੈ ਗਿਆ। ਇੱਥੋਂ ਤੱਕ ਕਿ ਘਰ ਵਿੱਚ ਲੱਗੇ ਕੁਝ ਚਿੱਪ ਵਾਲੇ ਕੈਮਰੇ ਵੀ ਤੋੜ ਕੇ ਉਨ੍ਹਾਂ ਦੇ ਪੁਰਜ਼ੇ ਨਾਲ ਲੈ ਗਏ ਤਾਂ ਜੋ ਕੋਈ ਵੀ ਵੀਡੀਓ ਰਿਕਾਰਡਿੰਗ ਪੁਲਿਸ ਦੇ ਹੱਥ ਨਾ ਲੱਗ ਸਕੇ।
ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਵਾਰਦਾਤ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਨਾਕਾਬੰਦੀ ਕਰਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਵਾਰਦਾਤ ਪੂਰੀ ਤਰ੍ਹਾਂ ਯੋਜਨਾਬੱਧ ਲੱਗਦੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਸ ਦਿਲੇਰੀ ਭਰੀ ਲੁੱਟ ਦੀ ਘਟਨਾ ਨਾਲ ਗੁਰਦਾਸਪੁਰ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧਾਂ ‘ਤੇ ਵੀ ਸਵਾਲ ਖੜੇ ਹੋ ਰਹੇ ਹਨ ਅਤੇ ਸਥਾਨਕ ਲੋਕਾਂ ਵਿੱਚ ਭਾਰੀ ਚਿੰਤਾ ਦਾ ਮਾਹੌਲ ਬਣ ਗਿਆ ਹੈ।


Share & like

Leave a Reply