ਏ.ਡੀ.ਜੀ.ਪੀ ਪੰਜਾਬ ਐੱਮ ਐੱਫ ਫਾਰੂਕੀ ਅਤੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਸਮੇਤ ਵੱਖ-ਵੱਖ ਸਖਸ਼ੀਅਤਾਂ ਵਲੋਂ ਸ਼ਰਧਾ ਦੇ ਫੁੱਲ ਭੇਂਟ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਧਾਰੀਵਾਲ/ਗੁਰਦਾਸਪੁਰ, 4 ਮਾਰਚ
ਬੀਤੇ ਦਿਨੀਂ ਆਦੀਆਂ ਚੈੱਕ ਪੋਸਟ ‘ਤੇ ਡਿਊਟੀ ਦੌਰਾਨ ਸ਼ਹੀਦ ਹੋਏ ਪੰਜਾਬ ਹੋਮਗਾਰਡ ਦੇ ਜਵਾਨ ਅਸ਼ੋਕ ਕੁਮਾਰ ਦੇ ਜੱਦੀ ਪਿੰਡ ਅਕਲਾਸ਼ਪੁਰ ਨੇੜੇ ਧਾਰੀਵਾਲ ਵਿਖੇ ਉਨ੍ਹਾਂ ਦੀ ਯਾਦ ਵਿੱਚ ਭਾਵੁਕ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਦੌਰਾਨ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ, ਰਾਜਨੀਤਿਕ ਨੇਤਾਵਾਂ ਅਤੇ ਸਮਾਜਿਕ ਸਖਸ਼ੀਅਤਾਂ ਵੱਲੋਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਨਮਨ ਕੀਤਾ ਗਿਆ।ਇਸ ਮੌਕੇ ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ ਪੰਜਾਬ ਐੱਮ ਐੱਫ ਫਾਰੂਕੀ ਅਤੇ ਹਲਕਾ ਇੰਚਾਰਜ ਕਾਦੀਆਂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਸਮੇਤ ਹੋਰ ਅਧਿਕਾਰੀਆਂ ਅਤੇ ਪ੍ਰਮੁੱਖ ਹਸਤੀਆਂ ਵੱਲੋਂ ਸ਼ਹੀਦ ਅਸ਼ੋਕ ਕੁਮਾਰ ਦੀ ਤਸਵੀਰ ‘ਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ।
ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼ਹੀਦ ਦੇਸ਼ ਦਾ ਕੀਮਤੀ ਸਰਮਾਇਆ ਹੁੰਦੇ ਹਨ ਅਤੇ ਉਹ ਹਮੇਸ਼ਾਂ ਲੋਕਾਂ ਦੇ ਦਿਲਾਂ ਵਿੱਚ ਜੀਵੰਤ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸੁਰੱਖਿਆ ਫੋਰਸਾਂ ਨੇ ਹਰ ਸਮੇਂ ਸੂਬੇ ਅਤੇ ਦੇਸ਼ ਦੀ ਅਮਨ-ਸ਼ਾਂਤੀ ਲਈ ਬਹਾਦਰੀ ਨਾਲ ਡਿਊਟੀ ਨਿਭਾਈ ਹੈ ਅਤੇ ਆਪਣੀਆਂ ਕੁਰਬਾਨੀਆਂ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਿਆ ਹੈ।
ਉਨ੍ਹਾਂ ਨੇ ਕਿਹਾ ਕਿ ਆਦੀਆਂ ਚੈੱਕ ਪੋਸਟ ‘ਤੇ ਡਿਊਟੀ ਦੌਰਾਨ ਸ਼ਹੀਦ ਹੋਏ ਜਵਾਨ ਨੂੰ ਸਿਜਦਾ ਕਰਦੇ ਹੋਏ ਉਹ ਇਸ ਦੁੱਖ ਦੀ ਘੜੀ ਵਿੱਚ ਸ਼ਹੀਦ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।
ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਸ਼ਹੀਦ ਅਸ਼ੋਕ ਕੁਮਾਰ ਦੀ ਸ਼ਹਾਦਤ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ ਅਤੇ ਪੰਜਾਬ ਸਰਕਾਰ ਸ਼ਹੀਦ ਪਰਿਵਾਰ ਦੇ ਦੁੱਖ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲਦੀ ਹੀ ਸ਼ਹੀਦ ਅਸ਼ੋਕ ਕੁਮਾਰ ਦੇ ਪਰਿਵਾਰ ਨਾਲ ਮਿਲ ਕੇ ਸੰਵੇਦਨਾ ਪ੍ਰਗਟ ਕਰਨਗੇ।
ਇਸ ਮੌਕੇ ਐੱਸ.ਐੱਸ.ਪੀ ਗੁਰਦਾਸਪੁਰ ਸ੍ਰੀ ਆਦਿਤਿਆ, ਚੇਅਰਮੈਨ ਵਜ਼ੀਰ ਸਿੰਘ ਲਾਲੀ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ, ਬਿਊਟੀ ਰੰਧਾਵਾ ਸਮੇਤ ਵੱਖ-ਵੱਖ ਸਖਸ਼ੀਅਤਾਂ, ਸ਼ਹੀਦ ਅਸ਼ੋਕ ਕੁਮਾਰ ਦੇ ਪਰਿਵਾਰਿਕ ਮੈਂਬਰ, ਰਿਸ਼ਤੇਦਾਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

ਸਮਾਗਮ ਦੌਰਾਨ ਪੂਰਾ ਮਾਹੌਲ ਗਮਗੀਨ ਰਿਹਾ ਅਤੇ ਹਾਜ਼ਰ ਸੰਗਤ ਵੱਲੋਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦ ਨੂੰ ਅੰਤਿਮ ਨਮਨ ਕੀਤਾ ਗਿਆ।










