Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 4 ਮਾਰਚ
ਸਕੂਲ ਸਿੱਖਿਆ ਵਿਭਾਗ ਵੱਲੋਂ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਰਾਹੀਂ ਜਾਰੀ ਕੀਤੀ ਗਈ ਪੰਜਵੀਂ ਜਮਾਤ ਦੀ ਡੇਟ ਸ਼ੀਟ ਅਨੁਸਾਰ ਪ੍ਰੀਖਿਆਵਾਂ 6 ਮਾਰਚ ਤੋਂ ਸ਼ੁਰੂ ਹੋ ਰਹੀਆਂ ਹਨ। ਇਸ ਸਬੰਧੀ ਬਲਾਕ ਦੋਰਾਂਗਲਾ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਨਰੇਸ਼ ਪਨਿਆੜ ਨੇ ਨਿਗਰਾਨ ਕਮ ਪ੍ਰੀਖਿਅਕਾਂ ਨਾਲ ਇਕ ਮਹੱਤਵਪੂਰਨ ਮੀਟਿੰਗ ਕਰਕੇ ਪੇਪਰਾਂ ਨੂੰ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਪ੍ਰੀਖਿਆ ਦੌਰਾਨ ਕੋਈ ਵੀ ਨਿਗਰਾਨ ਬਿਨਾਂ ਵਾਜਬ ਕਾਰਨ ਛੁੱਟੀ ਨਹੀਂ ਲਵੇਗਾ ਅਤੇ ਮੈਡੀਕਲ ਛੁੱਟੀ ਲਈ ਐਸ.ਐਮ.ਓ. ਤੋਂ ਪ੍ਰਮਾਣਿਤ ਸਰਟੀਫਿਕੇਟ ਪੇਸ਼ ਕਰਨਾ ਲਾਜ਼ਮੀ ਹੋਵੇਗਾ।
ਉਨ੍ਹਾਂ ਹੋਰ ਦੱਸਿਆ ਕਿ ਬਲਾਕ ਅੰਦਰ ਲਗਭਗ 50 ਸ਼ੈਲਫ਼ ਸੈਂਟਰ ਸਕੂਲਾਂ ਵਿੱਚ ਪ੍ਰੀਖਿਆ ਦਾ ਆਯੋਜਨ ਕੀਤਾ ਜਾ ਰਿਹਾ ਹੈ। ਨਿਗਰਾਨ ਕਮ ਪ੍ਰੀਖਿਅਕਾਂ ਦੀਆਂ ਅੰਤਰ ਕਲੱਸਟਰ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਅਤੇ ਸਾਰੇ ਅਧਿਆਪਕਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ। ਨਿਗਰਾਨ ਰੋਜ਼ਾਨਾ ਸਵੇਰੇ ਸੰਬੰਧਿਤ ਸੈਂਟਰ ਹੈਡ ਟੀਚਰ ਕੋਲੋਂ ਸੀਲਬੰਦ ਪੇਪਰ ਪ੍ਰਾਪਤ ਕਰਨਗੇ ਅਤੇ ਉਸੇ ਦਿਨ ਉਨ੍ਹਾਂ ਦੀ ਜਾਂਚ ਕਰਕੇ ਅਵਾਰਡ ਲਿਸਟਾਂ ਸਮੇਤ ਪੇਪਰ ਵਾਪਸ ਸੈਂਟਰ ਹੈਡ ਟੀਚਰ ਨੂੰ ਸੌਂਪਣਗੇ।
ਇਸ ਤੋਂ ਇਲਾਵਾ ਸਕੂਲਾਂ ਵਿੱਚ ਸਫ਼ਾਈ, ਰੌਸ਼ਨੀ ਅਤੇ ਬੈਠਕ ਪ੍ਰਬੰਧ ਨੂੰ ਯਕੀਨੀ ਬਣਾਉਣ ਲਈ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਵੀ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।

ਗੌਰਤਲਬ ਹੈ ਕਿ ਪੰਜਵੀਂ ਜਮਾਤ ਦੀਆਂ ਇਹ ਪ੍ਰੀਖਿਆਵਾਂ 6 ਮਾਰਚ ਤੋਂ 12 ਮਾਰਚ ਤੱਕ ਚੱਲਣਗੀਆਂ ਅਤੇ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ। ਬਲਾਕ ਦੋਰਾਂਗਲਾ ਪ੍ਰਸ਼ਾਸਨ ਵੱਲੋਂ ਪ੍ਰੀਖਿਆ ਨੂੰ ਨਿਰਪੱਖ ਅਤੇ ਸੁਚਾਰੂ ਢੰਗ ਨਾਲ ਸੰਪੰਨ ਕਰਨ ਲਈ ਪੂਰੀ ਤਿਆਰੀ ਕੀਤੀ ਗਈ ਹੈ।


Share & like

Leave a Reply