Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 11 ਫਰਵਰੀ
ਟ੍ਰੇਡ ਯੂਨੀਅਨਾਂ, ਮੁਲਾਜ਼ਮ ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚੇ ਅਤੇ ਆਮ ਲੋਕਾਂ ਦੇ ਸੱਦੇ ’ਤੇ 12 ਫ਼ਰਵਰੀ ਦੀ ਦੇਸ਼-ਵਿਆਪੀ ਹੜਤਾਲ ਦੇ ਸਮਰਥਨ ਵਿੱਚ ਗੁਰਦਾਸਪੁਰ ਵਿਖੇ ਜ਼ੋਰਦਾਰ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਵਰਕਰ ਯੂਨੀਅਨ, ਆਸ਼ਾ ਵਰਕਰਜ਼ ਅਤੇ ਫੈਸੀਲੀਟੇਟਰਜ਼ ਯੂਨੀਅਨ ਦੀਆਂ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਦੇ ਹੋਏ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ।
ਗੁਰੂ ਨਾਨਕ ਪਾਰਕ, ਗੁਰਦਾਸਪੁਰ ਵਿੱਚ ਇਕੱਠ ਹੋਣ ਤੋਂ ਬਾਅਦ ਵਰਕਰਾਂ ਨੇ ਰੈਲੀ ਕੱਢਦਿਆਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ। ਇਹ ਧਰਨਾ ਬਲਵਿੰਦਰ ਕੌਰ ਰਾਵਲਪਿੰਡੀ, ਬਲਵਿੰਦਰ ਕੌਰ ਅਲੀਸ਼ੇਰ, ਗੁਰਵਿੰਦਰ ਕੌਰ ਬਹਿਰਾਮਪੁਰ ਅਤੇ ਗੁਰਪ੍ਰੀਤ ਕੌਰ ਕੋਹਾਲੀ ਦੀ ਅਗਵਾਈ ਹੇਠ ਲਗਾਇਆ ਗਿਆ।

ਧਰਨੇ ਨੂੰ ਸੰਬੋਧਨ ਕਰਦਿਆਂ ਮੈਡਮ ਬਲਵਿੰਦਰ ਕੌਰ ਰਾਵਲਪਿੰਡੀ ਨੇ ਕਿਹਾ ਕਿ ਮਜ਼ਦੂਰ ਵਿਰੋਧੀ ਕਾਲੇ ਕਿਰਤ ਕਾਨੂੰਨਾਂ ਦਾ ਸਭ ਤੋਂ ਵੱਡਾ ਅਸਰ ਔਰਤ ਵਰਗ ’ਤੇ ਪੈਂਦਾ ਹੈ, ਜੋ ਵਿਸ਼ਵ ਦੀ ਅੱਧੀ ਆਬਾਦੀ ਹੈ। ਉਨ੍ਹਾਂ ਕਿਹਾ ਕਿ ਅੱਜ ਔਰਤਾਂ ਨੂੰ ਘਰਾਂ, ਦਫ਼ਤਰਾਂ ਅਤੇ ਕੰਮਕਾਜ ਵਾਲੀਆਂ ਥਾਵਾਂ ’ਤੇ ਮਾਨਸਿਕ ਅਤੇ ਸਰੀਰਕ ਤੌਰ ’ਤੇ ਨਪੀੜਿਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਗੁਰਦਾਸਪੁਰ ਦੇ ਕਾਦੀਆਂ-2 ਦੇ ਬੀ.ਪੀ.ਈ.ਓ. ਦਾ ਰਵੱਈਆ ਔਰਤ ਵਿਰੋਧੀ ਸੋਚ ਦਾ ਪ੍ਰਤੀਕ ਹੈ, ਜਿਸ ਦੀ ਯੂਨੀਅਨ ਵੱਲੋਂ ਕੜੀ ਨਿੰਦਾ ਕੀਤੀ ਜਾਂਦੀ ਹੈ।
ਵਕਤਾਵਾਂ ਨੇ ਕਿਹਾ ਕਿ ਮਰਦ-ਪ੍ਰਧਾਨ ਸਮਾਜਕ ਢਾਂਚੇ ਦੇ ਬਾਵਜੂਦ ਔਰਤਾਂ ਹਰ ਸਮੇਂ ਲੋਕ ਸੰਘਰਸ਼ਾਂ ਵਿੱਚ ਅਗਵਾਈ ਭੂਮਿਕਾ ਨਿਭਾਉਂਦੀਆਂ ਰਹੀਆਂ ਹਨ। ਚਾਹੇ ਸੱਤ ਸਾਲ ਦੀ ਬੱਚੀ ਹੋਵੇ ਜਾਂ 90 ਸਾਲ ਦੀ ਮਾਤਾ ਮਹਿੰਦਰ ਕੌਰ ਵਰਗੀ ਬਜ਼ੁਰਗ ਮਹਿਲਾ, ਔਰਤਾਂ ਨੇ ਹਮੇਸ਼ਾ ਹੱਕਾਂ ਲਈ ਲੜਾਈ ਵਿੱਚ ਹਿੱਸਾ ਪਾਇਆ ਹੈ।
ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਮਿਡ ਡੇ ਮੀਲ ਵਰਕਰਾਂ ਅਤੇ ਆਸ਼ਾ ਵਰਕਰਾਂ ਨੂੰ ਪੱਕਾ ਕੀਤਾ ਜਾਵੇ, ਉਨ੍ਹਾਂ ਨੂੰ ਘੱਟੋ-ਘੱਟ ਮਜ਼ਦੂਰੀ ਦੇ ਕਾਨੂੰਨ ਅਧੀਨ ਲਿਆਂਦਾ ਜਾਵੇ ਅਤੇ ਸਮਾਜਿਕ ਸੁਰੱਖਿਆ ਸਕੀਮਾਂ ਦਾ ਲਾਭ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰਾਂ ਵੱਲੋਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਕੌਰ, ਵੀਨਾ ਰਾਣੀ, ਕਾਂਤਾ ਰਾਣੀ ਭੁੱਲਰ, ਸਿੰਦੀ ਨੌਸ਼ਹਿਰਾ ਮੱਝਾ ਸਿੰਘ, ਪੂਨਮ ਮਾਨ ਚੋਪੜਾ, ਸਮਾ ਦੇਵੀ ਦੁਰਾਂਗਲਾ ਅਤੇ ਸ਼ਰਣ ਕੰਡੀਲਾ ਸਮੇਤ ਕਈ ਵਰਕਰ ਹਾਜ਼ਰ ਸਨ।


Share & like

Leave a Reply