ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 30 ਜਨਵਰੀ
ਸਿੱਖਿਆ ਦੀ ਗੁਣਵੱਤਾ ਨੂੰ ਹੋਰ ਬਿਹਤਰ ਬਣਾਉਣ ਅਤੇ ਅਧਿਆਪਕਾਂ ਨੂੰ ਨਵੀਂ ਸਿੱਖਿਆ ਨੀਤੀਆਂ ਨਾਲ ਜੋੜਨ ਦੇ ਮਕਸਦ ਨਾਲ ਮਿਸ਼ਨ ਸਮਰੱਥ 4.0 ਅਧੀਨ ਸਿੱਖਿਆ ਬਲਾਕ ਦੀਨਾਨਗਰ-2 ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਲਈ ਇੱਕ ਵਿਸ਼ੇਸ਼ ਦੋ ਰੋਜ਼ਾ ਬਲਾਕ ਪੱਧਰੀ ਸੈਮੀਨਾਰ ਦਾ ਆਯੋਜਨ ਸਰਕਾਰੀ ਪ੍ਰਾਇਮਰੀ ਸਕੂਲ ਗੁੱਲਾ ਵਿਖੇ ਕੀਤਾ ਗਿਆ। ਇਸ ਸੈਮੀਨਾਰ ਵਿੱਚ ਵੱਖ-ਵੱਖ ਸਕੂਲਾਂ ਤੋਂ ਅਧਿਆਪਕਾਂ ਨੇ ਭਾਗ ਲਿਆ।

ਸੈਮੀਨਾਰ ਦੌਰਾਨ ਬਲਾਕ ਰਿਸੋਰਸ ਪਰਸਨ ਸ੍ਰੀ ਰਣਜੀਤ ਸਿੰਘ, ਸ੍ਰੀ ਸੰਦੀਪ ਸ਼ਰਮਾ ਅਤੇ ਸ੍ਰੀਮਤੀ ਪੂਜਾ ਖੁੱਲਰ ਵੱਲੋਂ ਵਿਦਿਆਰਥੀਆਂ ਦੀ ਸਿੱਖਣ ਸਮਰੱਥਾ ਨੂੰ ਮਜ਼ਬੂਤ ਕਰਨ, ਅਧਿਆਪਕਾਂ ਦੀ ਪੇਸ਼ਾਵਰ ਕਾਬਲੀਅਤ ਵਿੱਚ ਵਾਧਾ ਕਰਨ ਅਤੇ ਨਵੀਂ ਤਕਨਾਲੋਜੀ ਅਧਾਰਿਤ ਅਧਿਆਪਨ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਵਿੱਦਿਅਕ ਸੈਸ਼ਨ 2026-27 ਦੌਰਾਨ ਜਮਾਤ ਤੀਸਰੀ ਤੋਂ ਅੱਠਵੀਂ ਤੱਕ ਮਿਸ਼ਨ ਸਮਰੱਥ 4.0 ਲਾਗੂ ਕੀਤਾ ਜਾ ਰਿਹਾ ਹੈ, ਜਿਸ ਦੀ ਤਿਆਰੀ ਵੱਜੋਂ ਸੂਬੇ ਭਰ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਲਈ ਸੈਮੀਨਾਰ ਕਰਵਾਏ ਜਾ ਰਹੇ ਹਨ।

ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ੍ਰੀਮਤੀ ਪਰਮਜੀਤ ਅਤੇ ਡੀਆਰਸੀ ਸ੍ਰੀ ਗੁਰਨਾਮ ਸਿੰਘ ਨੇ ਕਿਹਾ ਕਿ ਮਿਸ਼ਨ ਸਮਰੱਥ 4.0 ਅਧਿਆਪਕਾਂ ਨੂੰ ਹੋਰ ਸਮਰੱਥ ਬਣਾਉਣ ਵੱਲ ਇੱਕ ਅਹਿਮ ਕਦਮ ਹੈ, ਜਿਸ ਨਾਲ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ।
ਸੈਮੀਨਾਰ ਦੌਰਾਨ ਅਧਿਆਪਕਾਂ ਵੱਲੋਂ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ। ਇਸ ਮੌਕੇ ਪੂਜਾ ਪਰਮਜੀਤ ਸੈਣੀ, ਨਿਸ਼ਚਿੰਤ ਕੁਮਾਰ, ਕੇਵਲ ਕ੍ਰਿਸ਼ਨ, ਰਾਜ ਕੁਮਾਰ, ਗੁਰਪ੍ਰੀਤ ਸਿੰਘ, ਸਾਹਿਬ ਸਿੰਘ ਅਤੇ ਅਨੁਭਵ ਗੁਪਤਾ ਆਦਿ ਹਾਜ਼ਰ ਸਨ।











