ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 21 ਜਨਵਰੀ
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲ ਆਫ ਐਮੀਨੈਂਸ ਵਿੱਚ 9ਵੀਂ ਅਤੇ 11ਵੀਂ ਜਮਾਤ ਦੇ ਦਾਖਲਿਆਂ ਲਈ ਕਰਵਾਏ ਜਾਣ ਵਾਲੇ ਦਾਖਲਾ ਟੈਸਟ ਦੀ ਰਜਿਸਟ੍ਰੇਸ਼ਨ ਮਿਤੀ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਪਹਿਲਾਂ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 20 ਜਨਵਰੀ 2026 ਨਿਸ਼ਚਿਤ ਕੀਤੀ ਗਈ ਸੀ, ਜੋ ਹੁਣ ਵਧਾ ਕੇ 25 ਜਨਵਰੀ 2026 ਕਰ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਸ੍ਰੀਮਤੀ ਪਰਮਜੀਤ ਨੇ ਦੱਸਿਆ ਕਿ ਫੀਲਡ ਤੋਂ ਮਿਲ ਰਹੀ ਮੰਗ ਦੇ ਮੱਦੇਨਜ਼ਰ ਐਸ.ਸੀ.ਈ.ਆਰ.ਟੀ ਪੰਜਾਬ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ।
ਜ਼ਿਲ੍ਹਾ ਨੋਡਲ ਅਫਸਰ ਸ੍ਰੀ ਅਮਰਜੀਤ ਸਿੰਘ ਪੁਰੇਵਾਲ ਨੇ ਕਿਹਾ ਕਿ ਜ਼ਿਲ੍ਹੇ ਦੇ ਯੋਗ ਵਿਦਿਆਰਥੀਆਂ ਨੂੰ ਇਸ ਮੌਕੇ ਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਵਿਦਿਆਰਥੀ ਦਾਖਲਾ ਟੈਸਟ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਦੱਸਿਆ ਕਿ 9ਵੀਂ ਅਤੇ 11ਵੀਂ ਜਮਾਤ ਲਈ ਦਾਖਲਾ ਟੈਸਟ ਦੀ ਸਾਂਝੀ ਮਿਤੀ 1 ਮਾਰਚ 2026 ਨਿਸ਼ਚਿਤ ਕੀਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਐਸ.ਸੀ.ਈ.ਆਰ.ਟੀ ਪੰਜਾਬ ਵੱਲੋਂ ਪ੍ਰੀਖਿਆ ਤੋਂ ਪਹਿਲਾਂ ਯੋਗ ਵਿਦਿਆਰਥੀਆਂ ਨੂੰ ਰੋਲ ਨੰਬਰ ਜਾਰੀ ਕਰ ਦਿੱਤੇ ਜਾਣਗੇ। ਦਾਖਲਾ ਟੈਸਟ ਪਾਸ ਕਰਨ ਵਾਲੇ ਵਿਦਿਆਰਥੀ ਸਕੂਲ ਆਫ ਐਮੀਨੈਂਸ ਵਿੱਚ ਸਾਇੰਸ (ਮੈਡੀਕਲ/ਨਾਨ-ਮੈਡੀਕਲ) ਅਤੇ ਕਾਮਰਸ ਵਰਗੀਆਂ ਵੱਖ-ਵੱਖ ਸਟਰੀਮਾਂ ਵਿੱਚ ਦਾਖਲਾ ਲੈ ਸਕਣਗੇ।
ਵਿਦਿਆਰਥੀਆਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹੇ ਵਿੱਚ ਬਲਾਕ ਪੱਧਰ ’ਤੇ ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਜਾਣਗੇ। ਇਸ ਦਾਖਲਾ ਟੈਸਟ ਲਈ ਸਰਕਾਰੀ ਸਕੂਲਾਂ ਤੋਂ ਇਲਾਵਾ ਅਰਧ-ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਵੀ ਅਪਲਾਈ ਕਰ ਸਕਦੇ ਹਨ।

ਰਜਿਸਟ੍ਰੇਸ਼ਨ ਲਈ ਵਿਦਿਆਰਥੀ schoolofeminence.pseb.ac.in ਵੈੱਬਸਾਈਟ ’ਤੇ ਜਾ ਕੇ ਅਰਜ਼ੀ ਦੇ ਸਕਦੇ ਹਨ।










