ਜਤਿੰਦਰ ਬੈਂਸ
ਅੰਮ੍ਰਿਤਸਰ, 19 ਜੂਨ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਹੇਠ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਮੰਡੀਆਂ ਵਿੱਚ ਬੇਨਿਜ਼ਮੀਆਂ, ਕਿਸਾਨਾਂ ਦੇ ਬੈਂਕ ਖਾਤੇ ਫ੍ਰੀਜ਼ ਕਰਨ ਅਤੇ ਖਾਦ ਦੀ ਘਾਟ ਸਮੇਤ ਕਈ ਮਸਲਿਆਂ ਨੂੰ ਉਠਾਇਆ।
ਆਗੂਆਂ ਨੇ ਦੱਸਿਆ ਕਿ ਦਾਣਾ ਮੰਡੀ ਚੱਕ ਸਿਕੰਦਰ ਵਿੱਚ ਇੱਕ ਕਥਿਤ ਕਣਕ ਖਰੀਦ ਘਪਲੇ ਦੀ ਜਾਂਚ ਦੌਰਾਨ ਕੁਝ ਨਿਰਦੋਸ਼ ਕਿਸਾਨਾਂ ਦੇ ਬੈਂਕ ਖਾਤੇ ਵੀ ਫ੍ਰੀਜ਼ ਕਰ ਦਿੱਤੇ ਗਏ ਹਨ, ਜਦਕਿ ਇਸ ਮਾਮਲੇ ਲਈ ਕਿਸਾਨ ਜ਼ਿੰਮੇਵਾਰ ਨਹੀਂ ਹਨ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੇ ਖਾਤੇ ਤੁਰੰਤ ਡੀ-ਫ੍ਰੀਜ਼ ਕੀਤੇ ਜਾਣ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਫਸਲ ਦੀ ਤੁਲਾਈ ਸਮੇਂ ਕਿਸਾਨਾਂ ਨੂੰ ਜੇ-ਫਾਰਮ ਤੁਰੰਤ ਜਾਰੀ ਕੀਤਾ ਜਾਵੇ ਅਤੇ 24 ਘੰਟਿਆਂ ਅੰਦਰ ਅਦਾਇਗੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਕੱਚੀਆਂ ਪਰਚੀਆਂ ’ਤੇ ਫਰਮ ਦਾ ਨਾਮ, ਰਜਿਸਟ੍ਰੇਸ਼ਨ ਨੰਬਰ, ਮੋਹਰ ਅਤੇ ਦਸਤਖ਼ਤ ਨਾ ਹੋਣ ਕਾਰਨ ਕਿਸਾਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸਰਕਾਰ ਇਸ ਮਸਲੇ ਦਾ ਸਥਾਈ ਹੱਲ ਕਰੇ।
ਉਨ੍ਹਾਂ ਕਿਹਾ ਕਿ ਕੱਚੀਆਂ ਮੰਡੀਆਂ ਨੂੰ ਪੱਕਾ ਕੀਤਾ ਜਾਵੇ, ਲੋੜ ਅਨੁਸਾਰ ਸ਼ੈੱਡ ਬਣਾਏ ਜਾਣ ਅਤੇ ਕਿਸਾਨਾਂ ਲਈ ਸਾਫ਼ ਪੀਣ ਵਾਲੇ ਪਾਣੀ ਤੇ ਬੈਠਣ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣ। ਇਸ ਤੋਂ ਇਲਾਵਾ ਤੁਲਾਈ ਤੋਂ ਤੁਰੰਤ ਬਾਅਦ ਫਸਲ ਦੀ ਲਿਫਟਿੰਗ ਯਕੀਨੀ ਬਣਾਈ ਜਾਵੇ। ਮੰਡੀਆਂ ਵਿੱਚ ਕੰਪਿਊਟਰਾਈਜ਼ਡ ਕੰਡੇ ਅਤੇ ਮਾਨਤਾ ਪ੍ਰਾਪਤ ਨਮੀ ਮਾਪਣ ਵਾਲੇ ਮੀਟਰ ਲਗਾਉਣ ਦੀ ਵੀ ਮੰਗ ਕੀਤੀ ਗਈ।

ਆਗੂਆਂ ਨੇ ਦੋਸ਼ ਲਗਾਇਆ ਕਿ ਫਸਲਾਂ ਦੀ ਕੁਆਲਿਟੀ ਦੇ ਨਾਂ ’ਤੇ ਬੇਲੋੜੀਆਂ ਸ਼ਰਤਾਂ ਲਗਾ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਖਰੀਦ ਪ੍ਰਕਿਰਿਆ ਨੂੰ ਪਹਿਲਾਂ ਵਾਂਗ ਸੌਖਾ ਬਣਾਇਆ ਜਾਵੇ ਅਤੇ ਬਾਹਰਲੇ ਸੂਬਿਆਂ ਤੋਂ ਲਿਆਂਦੀਆਂ ਫਸਲਾਂ ਦੀ ਪੰਜਾਬ ਦੀਆਂ ਮੰਡੀਆਂ ਵਿੱਚ ਵਿਕਰੀ ’ਤੇ ਪਾਬੰਦੀ ਸਖ਼ਤੀ ਨਾਲ ਲਾਗੂ ਕੀਤੀ ਜਾਵੇ।
ਸਬਜ਼ੀ ਮੰਡੀ ਵਿੱਚ ਚੱਲ ਰਹੀ 49-51 ਅਨੁਪਾਤ ਦੀ ਪ੍ਰਥਾ ਨੂੰ ਕਿਸਾਨਾਂ ਦੀ ਲੁੱਟ ਦਾ ਸਾਧਨ ਦੱਸਦਿਆਂ ਉਨ੍ਹਾਂ ਇਸ ਦੀ ਜਾਂਚ ਅਤੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਵਿੱਚ ਵਰਤੇ ਜਾਣ ਵਾਲੇ ਬਾਰਦਾਨੇ ਦੀ ਕੀਮਤ ਕਿਸਾਨਾਂ ਨੂੰ ਦਿੱਤੀ ਜਾਵੇ ਜਾਂ ਬਾਰਦਾਨਾ ਵਾਪਸ ਕੀਤਾ ਜਾਵੇ।
ਧਰਨੇ ਦੌਰਾਨ ਡੀ.ਐੱਮ.ਓ. ਮੰਡੀ ਬੋਰਡ ਅੰਮ੍ਰਿਤਸਰ ਨੇ ਭਰੋਸਾ ਦਿੱਤਾ ਕਿ ਸੱਤ ਵਿੱਚੋਂ ਪੰਜ ਕਿਸਾਨਾਂ ਦੇ ਖਾਤੇ ਬਹਾਲ ਕਰਨ ਲਈ ਲਿਖਤੀ ਸਿਫ਼ਾਰਸ਼ ਭੇਜੀ ਜਾ ਚੁੱਕੀ ਹੈ, ਜਦਕਿ ਬਾਕੀ ਦੋ ਕਿਸਾਨਾਂ ਦੇ ਖਾਤੇ ਵੀ ਇੱਕ ਹਫ਼ਤੇ ਅੰਦਰ ਬਹਾਲ ਕਰ ਦਿੱਤੇ ਜਾਣਗੇ। ਉਨ੍ਹਾਂ ਹੋਰ ਮੰਗਾਂ ਸਬੰਧੀ ਵੀ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਆਗੂਆਂ ਨੇ ਖਾਦ ਦੀ ਭਾਰੀ ਘਾਟ ਦਾ ਮਸਲਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਝੋਨੇ ਦੀ ਲਵਾਈ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਖਾਦ ਨਾ ਮਿਲਣ ਕਾਰਨ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੇਤੀਬਾੜੀ ਵਿਭਾਗ ਨਾਲ ਮੀਟਿੰਗਾਂ ਦੇ ਬਾਵਜੂਦ ਹਾਲਾਤ ਵਿੱਚ ਕੋਈ ਸੁਧਾਰ ਨਹੀਂ ਆਇਆ। ਇਸ ਲਈ 30 ਜੂਨ ਨੂੰ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਚੀਫ਼ ਖੇਤੀਬਾੜੀ ਅਫ਼ਸਰਾਂ ਦੇ ਦਫ਼ਤਰਾਂ ਅੱਗੇ ਧਰਨੇ ਲਗਾਏ ਜਾਣਗੇ।

ਇਸ ਮੌਕੇ ਸਕੱਤਰ ਸਿੰਘ ਕੋਟਲਾ, ਕੰਧਾਰ ਸਿੰਘ ਭੋਏਵਾਲ, ਜਰਮਨਜੀਤ ਸਿੰਘ ਬੰਡਾਲਾ, ਗੁਰਬਚਨ ਸਿੰਘ ਚੱਬਾ, ਸੁਖਦੇਵ ਸਿੰਘ ਚਾਟੀਵਿੰਡ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਮਜ਼ਦੂਰ ਹਾਜ਼ਰ ਸਨ।










