ਮਾਵਾਂ ਨੂੰ ਬੱਚਿਆਂ ਦੀ ਸੁਰੱਖਿਆ ਤੇ ਪੋਕਸੋ ਐਕਟ ਬਾਰੇ ਕੀਤਾ ਗਿਆ ਜਾਗਰੂਕ
ਬਹਿਰਾਮਪੁਰ (ਗੁਰਦਾਸਪੁਰ), 17 ਜਨਵਰੀ | ਰੋਜ਼ਾਨਾ ਖ਼ਬਰ
ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਦੇ ਉਦੇਸ਼ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਡੁੱਗਰੀ ਵਿਖੇ ਇਕ ਵਿਸ਼ੇਸ਼ ‘ਮਦਰ ਵਰਕਸ਼ਾਪ’ ਦਾ ਸਫ਼ਲ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ (BRC) ਮਨਜੀਤ ਸਿੰਘ ਅਤੇ ਸੈਂਟਰ ਹੈੱਡ ਟੀਚਰ (CHT) ਰਵੀ ਕੁਮਾਰ ਦੀ ਅਗਵਾਈ ਹੇਠ ਕਰਵਾਈ ਗਈ, ਜਿਸ ਵਿੱਚ ਅਧਿਆਪਕ ਸੁਖਵਿੰਦਰ ਸਿੰਘ, ਸੌਰਵ ਗੁਪਤਾ, ਸਤਬੀਰ ਕੌਰ, ਸੁਲੱਖਣ ਸਿੰਘ ਅਤੇ ਜਗਜੀਤ ਕੌਰ ਦਾ ਵਿਸ਼ੇਸ਼ ਸਹਿਯੋਗ ਰਿਹਾ।
‘ਪ੍ਰਥਮ’ ਸੰਸਥਾ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਵਰਕਸ਼ਾਪ ਵਿੱਚ ਸੰਸਥਾ ਦੀ ਜ਼ਿਲ੍ਹਾ ਕੋਆਰਡੀਨੇਟਰ ਅੰਜਲੀ ਸ਼ਰਮਾ ਅਤੇ ਬਲਾਕ ਕੋਆਰਡੀਨੇਟਰ ਸੁਨੀਤਾ ਦੇਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸਮਾਗਮ ਦੌਰਾਨ ਬੱਚਿਆਂ ਦੀਆਂ ਮਾਵਾਂ ਨੂੰ ਸੰਬੋਧਨ ਕਰਦਿਆਂ ਮਾਹਿਰਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਬੱਚਿਆਂ ਨੂੰ ਸਿਰਫ਼ ਸਿੱਖਿਆ ਹੀ ਨਹੀਂ, ਸਗੋਂ ਇਕ ਸੁਰੱਖਿਅਤ ਅਤੇ ਸੁਚੇਤ ਮਾਹੌਲ ਦੇਣਾ ਵੀ ਬਹੁਤ ਜ਼ਰੂਰੀ ਹੈ।
ਵਰਕਸ਼ਾਪ ਦੌਰਾਨ ਮਾਵਾਂ ਨੂੰ ‘ਪੋਕਸੋ (POCSO) ਐਕਟ’ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਬੱਚਿਆਂ ਨੂੰ ‘ਚੰਗੇ ਤੇ ਮਾੜੇ ਸਪਰਸ਼’ ਬਾਰੇ ਕਿਵੇਂ ਜਾਗਰੂਕ ਕੀਤਾ ਜਾਵੇ, ਇਸ ਸੰਬੰਧੀ ਮਹੱਤਵਪੂਰਣ ਨੁਕਤੇ ਸਾਂਝੇ ਕੀਤੇ ਗਏ।
ਇਸ ਮੌਕੇ CHT ਰਵੀ ਕੁਮਾਰ ਨੇ ਕਿਹਾ ਕਿ ਮਾਂ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ ਅਤੇ ਸਕੂਲ ਤੇ ਮਾਪਿਆਂ ਵਿਚਕਾਰ ਮਜ਼ਬੂਤ ਤਾਲਮੇਲ ਹੀ ਬੱਚੇ ਦੇ ਸਰਵਪੱਖੀ ਵਿਕਾਸ ਦੀ ਮਜ਼ਬੂਤ ਨੀਂਹ ਰੱਖਦਾ ਹੈ। ਉਨ੍ਹਾਂ ਨੇ ਮਾਵਾਂ ਨੂੰ ਘਰ ਵਿੱਚ ਬੱਚਿਆਂ ਦੀ ਪੜ੍ਹਾਈ ਵਿੱਚ ਸਰਗਰਮ ਭੂਮਿਕਾ ਨਿਭਾਉਣ ਅਤੇ ਉਨ੍ਹਾਂ ਦੀਆਂ ਮਾਨਸਿਕ ਗਤੀਵਿਧੀਆਂ ’ਤੇ ਨਿਗਰਾਨੀ ਰੱਖਣ ਲਈ ਪ੍ਰੇਰਿਤ ਕੀਤਾ।
‘ਪ੍ਰਥਮ’ ਸੰਸਥਾ ਦੀ ਟੀਮ ਵੱਲੋਂ ਵੱਖ-ਵੱਖ ਵਿਦਿਅਕ ਗਤੀਵਿਧੀਆਂ ਰਾਹੀਂ ਸਿੱਖਣ-ਸਿਖਾਉਣ ਦੇ ਸੌਖੇ ਤੇ ਪ੍ਰਭਾਵਸ਼ਾਲੀ ਤਰੀਕੇ ਵੀ ਦੱਸੇ ਗਏ। ਇਸ ਸਮਾਗਮ ਵਿੱਚ ਸਕੂਲ ਦੇ ਸਮੂਹ ਸਟਾਫ਼ ਮੈਂਬਰਾਂ ਸਮੇਤ ਇਲਾਕੇ ਦੀਆਂ ਵੱਡੀ ਗਿਣਤੀ ਵਿੱਚ ਮਾਵਾਂ ਨੇ ਉਤਸ਼ਾਹ ਨਾਲ ਭਾਗ ਲਿਆ।

ਅਖੀਰ ਵਿੱਚ ਮਾਪਿਆਂ ਵੱਲੋਂ ਸਕੂਲ ਪ੍ਰਬੰਧਨ ਅਤੇ ‘ਪ੍ਰਥਮ’ ਸੰਸਥਾ ਦੇ ਇਸ ਨਿਵੇਕਲੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਅਜਿਹੇ ਜਾਗਰੂਕਤਾ ਸਮਾਗਮ ਭਵਿੱਖ ਵਿੱਚ ਵੀ ਕਰਵਾਉਣ ਦੀ ਮੰਗ ਕੀਤੀ ਗਈ।










