Share & like

12 ਫਰਵਰੀ ਦੀ ਦੇਸ਼ਵਿਆਪੀ ਹੜਤਾਲ ਵਿੱਚ ਸ਼ਾਮਲ ਹੋਣ ਦਾ ਸੱਦਾ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 17 ਜਨਵਰੀ
ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ (ਇਫਟੂ) ਵੱਲੋਂ ਚਲਾਈ ਜਾ ਰਹੀ ਰਾਜ ਪੱਧਰੀ ਲੇਬਰ ਕੋਡ ਵਿਰੋਧ ਮੁਹਿੰਮ ਤਹਿਤ ਅੱਜ ਪਿੰਡ ਬਾਹਮਣੀ ਅਤੇ ਪਨਿਆੜ ਵਿੱਚ ਰੈਲੀਆਂ ਕਰਕੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਪ੍ਰਗਟ ਕੀਤਾ ਗਿਆ। ਇਸ ਦੌਰਾਨ ਬਿਜਲੀ ਸੋਧ ਬਿੱਲ, ਮਨਰੇਗਾ ਕਾਨੂੰਨ ਵਿੱਚ ਤਬਦੀਲੀਆਂ ਅਤੇ ਨਵੇਂ ਕਿਰਤ ਕੋਡਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ ਦਰਜ ਕਰਵਾਇਆ ਗਿਆ।

ਰੈਲੀਆਂ ਦੌਰਾਨ ਇਫਟੂ ਆਗੂਆਂ ਵੱਲੋਂ ਲੋਕਾਂ ਨੂੰ ਨਵੇਂ ਕਿਰਤ ਕੋਡਾਂ ਦੀਆਂ ਖਾਮੀਆਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਪਰਚੇ ਵੰਡ ਕੇ ਮਜ਼ਦੂਰ ਵਰਗ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਗਈ। ਵਿਰੋਧ ਪ੍ਰਦਰਸ਼ਨ ਦੌਰਾਨ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਮੌਕੇ ਇਫਟੂ ਆਗੂ ਕਾਮਰੇਡ ਰਮੇਸ਼ ਰਾਣਾ, ਜੋਗਿੰਦਰ ਪਾਲ ਪਨਿਆੜ ਅਤੇ ਸੁਖਦੇਵ ਰਾਜ ਬਹਿਰਾਮਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 21 ਨਵੰਬਰ 2025 ਤੋਂ ਲਾਗੂ ਕੀਤੇ ਗਏ ਕਿਰਤ ਕੋਡ ਮਜ਼ਦੂਰਾਂ ਦੇ ਯੂਨੀਅਨ ਬਣਾਉਣ, ਹੜਤਾਲ ਕਰਨ ਅਤੇ ਰੁਜ਼ਗਾਰ ਸੁਰੱਖਿਆ ਨਾਲ ਜੁੜੇ ਅਧਿਕਾਰਾਂ ਨੂੰ ਕਮਜ਼ੋਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਕਾਨੂੰਨ ਸਕੀਮ ਵਰਕਰਾਂ, ਗਿਗ ਵਰਕਰਾਂ, ਕੱਚੇ ਕਾਮਿਆਂ ਅਤੇ ਆਉਟਸੋਰਸ ਕਰਮਚਾਰੀਆਂ ਦੇ ਹਿੱਤਾਂ ’ਤੇ ਵੀ ਨਾਕਾਰਾਤਮਕ ਪ੍ਰਭਾਵ ਪਾਉਂਦੇ ਹਨ।
ਆਗੂਆਂ ਨੇ ਮਨਰੇਗਾ ਕਾਨੂੰਨ ਵਿੱਚ ਤਬਦੀਲੀਆਂ ਅਤੇ ਬਿਜਲੀ ਸੋਧ ਬਿੱਲ ਲਿਆਉਣ ਦੀ ਵੀ ਤਿੱਖੀ ਆਲੋਚਨਾ ਕੀਤੀ ਅਤੇ ਮਜ਼ਦੂਰ ਵਰਗ ਨੂੰ ਪੁਰਾਣੇ ਕਿਰਤ ਕਾਨੂੰਨਾਂ ਦੀ ਬਹਾਲੀ ਲਈ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ।
ਇਫਟੂ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਫਰਵਰੀ ਨੂੰ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਕਿਰਤ ਕੋਡਾਂ ਦੇ ਵਿਰੋਧ ਵਿੱਚ ਦੇਸ਼ਵਿਆਪੀ ਹੜਤਾਲ ਕੀਤੀ ਜਾਵੇਗੀ, ਜਿਸ ਦੀ ਇਫਟੂ ਦੀ ਰਾਸ਼ਟਰੀ ਕਮੇਟੀ ਵੱਲੋਂ ਪੂਰੀ ਹਮਾਇਤ ਕੀਤੀ ਗਈ ਹੈ।

ਇਸ ਮੌਕੇ ਬਲਦੇਵ ਰਾਜ, ਬੂਟਾ ਲਾਲ, ਸ਼ਮਸ਼ੇਰ ਲਾਲ, ਜੋਗਿੰਦਰ ਭਾਈ, ਅਸ਼ਵਨੀ, ਅਸ਼ੋਕ ਕੁਮਾਰ, ਸਰਬਜੀਤ ਕੌਰ, ਚਿੰਤੋ ਦੇਵੀ, ਊਸ਼ਾ ਰਾਣੀ, ਸੰਤੋਸ਼ ਕੁਮਾਰੀ, ਮਹਿੰਦਰ ਸਿੰਘ, ਧਰਮਪਾਲ, ਬਲਵੀਰ ਚੰਦ, ਰਿੰਕੂ, ਮਿੰਟੂ, ਰੂਪ ਲਾਲ, ਪਰਮਜੀਤ ਸਿੰਘ ਅਤੇ ਜਨਕ ਰਾਜ ਸਮੇਤ ਵੱਡੀ ਗਿਣਤੀ ਵਿੱਚ ਮਜ਼ਦੂਰ ਹਾਜ਼ਰ ਸਨ।


Share & like

Leave a Reply