ਬਿਜਲੀ ਸੋਧ ਬਿੱਲ, ਮਨਰੇਗਾ, ਬੀਜ ਬਿੱਲ ਤੇ ਚਾਰ ਲੇਬਰ ਕੋਡਾਂ ਖ਼ਿਲਾਫ਼ ਛੇੜਿਆ ਜਾਵੇਗਾ ਵੱਡਾ ਸੰਘਰਸ਼
ਜਤਿੰਦਰ ਬੈਂਸ / ਰੋਜ਼ਾਨਾ ਖ਼ਬਰ
ਗੁਰਦਾਸਪੁਰ, 10 ਜਨਵਰੀ
ਸੰਯੁਕਤ ਕਿਸਾਨ ਮੋਰਚਾ, ਮਜ਼ਦੂਰ ਅਤੇ ਬਿਜਲੀ ਮੁਲਾਜ਼ਮ ਜਥੇਬੰਦੀਆਂ ਵੱਲੋਂ 16 ਜਨਵਰੀ ਨੂੰ ਡੀਸੀ ਦਫ਼ਤਰ ਗੁਰਦਾਸਪੁਰ ਵਿਖੇ ਬਿਜਲੀ ਸੋਧ ਬਿੱਲ, ਮਨਰੇਗਾ, ਬੀਜ ਬਿੱਲ ਅਤੇ ਚਾਰ ਲੇਬਰ ਕੋਡਾਂ ਦੇ ਵਿਰੋਧ ਵਿੱਚ ਵੱਡਾ ਧਰਨਾ ਦਿੱਤਾ ਜਾਵੇਗਾ। ਇਸ ਧਰਨੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ, ਮਜ਼ਦੂਰ, ਬਿਜਲੀ ਕਾਮੇ ਅਤੇ ਹੋਰ ਲੋਕ ਸ਼ਾਮਲ ਹੋਣਗੇ ਅਤੇ ਕੇਂਦਰ ਸਰਕਾਰ ਨੂੰ ਲੋਕ ਵਿਰੋਧੀ ਫੈਸਲੇ ਵਾਪਸ ਲੈਣ ਲਈ ਮਜਬੂਰ ਕੀਤਾ ਜਾਵੇਗਾ।

ਇਸ ਸਬੰਧੀ ਅੱਜ ਸ਼ਹੀਦ ਬਿਲਜੀਤ ਸਿੰਘ ਭਵਨ, ਗੁਰਦਾਸਪੁਰ ਵਿਖੇ ਵੱਖ-ਵੱਖ ਜਥੇਬੰਦੀਆਂ ਦੇ ਸਾਂਝੇ ਮੰਚ ਵੱਲੋਂ ਧਰਨੇ ਦੀ ਤਿਆਰੀ ਲਈ ਮੀਟਿੰਗ ਕੀਤੀ ਗਈ। ਮੀਟਿੰਗ ਉਪਰੰਤ ਮੱਖਣ ਸਿੰਘ ਕੁਹਾੜ ਅਤੇ ਗੁਰਵਿੰਦਰ ਸਿੰਘ ਜੀਵਨ ਚੱਕ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸੰਘਰਸ਼ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਲੜਿਆ ਜਾਵੇਗਾ।
ਮੀਟਿੰਗ ਦੀ ਪ੍ਰਧਾਨਗੀ ਕਿਸਾਨ ਆਗੂ ਗੁਰਵਿੰਦਰ ਸਿੰਘ ਜੀਵਨ ਚੱਕ (ਬੀਕੇਯੂ ਡਕੌਂਦਾ), ਮਜ਼ਦੂਰ ਆਗੂ ਰਾਜਕੁਮਾਰ ਪੰਡੋਰੀ ਅਤੇ ਬਿਜਲੀ ਮੁਲਾਜ਼ਮ ਆਗੂ ਸੰਜੀਵ ਸੈਣੀ ਨੇ ਸਾਂਝੇ ਤੌਰ ’ਤੇ ਕੀਤੀ। ਮੀਟਿੰਗ ਵਿੱਚ ਲਗਭਗ ਪੰਜਾਹ ਜਥੇਬੰਦੀਆਂ ਦੇ ਆਗੂਆਂ ਨੇ ਹਾਜ਼ਰੀ ਭਰੀ।
ਆਗੂਆਂ ਨੇ ਕਿਹਾ ਕਿ ਬਿਜਲੀ ਸੋਧ ਬਿੱਲ ਰਾਹੀਂ ਸਰਕਾਰ ਲੋਕਾਂ ਤੋਂ ਸਸਤੀ ਬਿਜਲੀ ਦਾ ਹੱਕ ਖੋਹਣਾ ਚਾਹੁੰਦੀ ਹੈ, ਜਿਸ ਨਾਲ ਆਮ ਲੋਕ ਮੁੜ ਹਨੇਰੇ ਵਿੱਚ ਜੀਉਣ ਲਈ ਮਜਬੂਰ ਹੋਣਗੇ। ਉਨ੍ਹਾਂ ਦੋਸ਼ ਲਗਾਇਆ ਕਿ ਬੀਜ ਬਿੱਲ ਕਿਸਾਨਾਂ ਨੂੰ ਕੰਗਾਲ ਕਰ ਦੇਵੇਗਾ ਅਤੇ ਮਜ਼ਦੂਰ ਪੱਖੀ 44 ਕਾਨੂੰਨਾਂ ਨੂੰ ਖਤਮ ਕਰਕੇ ਲਿਆਂਦੇ ਗਏ ਚਾਰ ਲੇਬਰ ਕੋਡ ਕਾਰਪੋਰੇਟਾਂ ਦੇ ਹਿੱਤਾਂ ਦੀ ਰੱਖਿਆ ਕਰਦੇ ਹਨ।
ਆਗੂਆਂ ਨੇ ਇਹ ਵੀ ਦੋਸ਼ ਲਗਾਇਆ ਕਿ ਮੋਦੀ ਸਰਕਾਰ ਅਮਰੀਕੀ ਦਬਾਅ ਹੇਠ ਕਿਸਾਨੀ ਵਸਤਾਂ ਨਾਲ ਸਬੰਧਿਤ ਸਮਝੌਤਿਆਂ ਦੀ ਤਿਆਰੀ ਕਰ ਰਹੀ ਹੈ, ਜੋ ਕਿਸਾਨੀ ਹੀ ਨਹੀਂ ਸਗੋਂ ਦੇਸ਼ ਦੀ ਆਰਥਿਕਤਾ ਲਈ ਵੀ ਘਾਤਕ ਸਾਬਤ ਹੋਵੇਗਾ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਹਰ ਜਥੇਬੰਦੀ ਘੱਟੋ-ਘੱਟ 100 ਕਾਰਕੁਨਾਂ ਦੀ ਹਾਜ਼ਰੀ ਯਕੀਨੀ ਬਣਾਏਗੀ। 16 ਜਨਵਰੀ ਨੂੰ ਸਵੇਰੇ 11 ਵਜੇ ਗੁਰੂ ਨਾਨਕ ਪਾਰਕ ਵਿਖੇ ਇਕੱਠ ਹੋ ਕੇ ਡੀਸੀ ਦਫ਼ਤਰ ਵੱਲ ਕੂਚ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪਿੰਡ ਪੋਨਾ (ਜਗਰਾਉਂ) ਵਿਖੇ ਮਨਰੇਗਾ ਮਜ਼ਦੂਰਾਂ ’ਤੇ ਹੋਏ ਪੁਲਿਸ ਜ਼ੁਲਮ, ਮੁਕੇਸ਼ ਮਲੋਟ ਦੀ ਗ੍ਰਿਫ਼ਤਾਰੀ, ਪੱਤਰਕਾਰਾਂ ’ਤੇ ਦਰਜ ਝੂਠੇ ਕੇਸਾਂ ਅਤੇ ਬੁੱਧੀਜੀਵੀਆਂ ਦੀ ਨਾਜਾਇਜ਼ ਹਰਾਸਤ ਖ਼ਿਲਾਫ਼ ਮਤੇ ਵੀ ਪਾਸ ਕੀਤੇ ਗਏ।

ਧਰਨੇ ਦੇ ਸੁਚੱਜੇ ਪ੍ਰਬੰਧ ਲਈ ਇੱਕ ਸੰਚਾਲਨ ਕਮੇਟੀ ਵੀ ਗਠਿਤ ਕੀਤੀ ਗਈ।
ਮੀਟਿੰਗ ਵਿੱਚ ਮੱਖਣ ਸਿੰਘ ਤਿਬੜ, ਰਘਬੀਰ ਸਿੰਘ ਚਾਹਲ, ਸਰਦੂਲ ਸਿੰਘ ਕਲਾਨੌਰ, ਰਣਜੀਤ ਸਿੰਘ ਰਾਣਾ, ਗੁਰਮੁਖ ਸਿੰਘ ਖਹਿਰਾ, ਸੰਜੀਵ ਕੁਮਾਰ ਮਿੰਟੂ, ਕੁਲਜੀਤ ਸਿੰਘ ਸਿੱਧੂ, ਜੋਗਿੰਦਰ ਪਾਲ ਘਰਾਲਾ, ਗੁਰਵਿੰਦਰ ਸਿੰਘ (ਪੀਐਸਯੂ), ਦਿਲਬਾਗ ਸਿੰਘ ਰਤੋਵਾਲ (ਪੋਲਟਰੀ ਫਾਰਮ ਯੂਨੀਅਨ) ਸਮੇਤ ਹੋਰ ਆਗੂ ਵੀ ਹਾਜ਼ਰ ਸਨ।










