Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਪਠਾਨਕੋਟ, 12 ਜਨਵਰੀ
ਕੌਮੀ ਇਨਸਾਫ਼ ਮੋਰਚਾ ਪੰਜਾਬ ਦੇ ਸੱਦੇ ’ਤੇ ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਅਤੇ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ (ਇਫਟੂ) ਵੱਲੋਂ ਟੋਲ ਪਲਾਜ਼ਾ ਲਦਪਾਲਵਾਂ ਨੂੰ ਟੋਲ ਫ੍ਰੀ ਕੀਤਾ ਗਿਆ। ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਘੱਟ ਗਿਣਤੀ ਭਾਈਚਾਰਿਆਂ ਅਤੇ ਦੱਬੇ ਕੁੱਚਲੇ ਵਰਗਾਂ ਨਾਲ ਹੋ ਰਹੀ ਬੇਇਨਸਾਫ਼ੀ ਦੀ ਤਿੱਖੀ ਨਿੰਦਾ ਕੀਤੀ।

ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸਤਬੀਰ ਸਿੰਘ ਸੁਲਤਾਨੀ, ਬੀਕੇਯੂ ਡਕੌਂਦਾ ਦੇ ਆਗੂ ਗੁਰਵਿੰਦਰ ਸਿੰਘ ਜੀਵਨ ਚੱਕਰ, ਇਫਟੂ ਦੇ ਆਗੂ ਵਿਜੇ ਕੁਮਾਰ ਜਗਤਪੁਰ ਅਤੇ ਕਿਸਾਨ ਆਗੂ ਬਲਵੀਰ ਸਿੰਘ ਬੈਂਸ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਘੱਟ ਗਿਣਤੀਆਂ ਸਿੱਖ, ਮੁਸਲਮਾਨ ਅਤੇ ਈਸਾਈ ਅਤੇ ਦੱਬੇ ਕੁੱਚਲੇ ਵਰਗਾਂ ਦੇ ਜਮਹੂਰੀ ਹੱਕਾਂ ਨੂੰ ਕੁਚਲ ਰਹੀ ਹੈ।
ਆਗੂਆਂ ਨੇ ਕਿਹਾ ਕਿ ਅਦਾਲਤਾਂ ਵੱਲੋਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ 10 ਸਾਲ ਤੋਂ ਵੱਧ ਸਮਾਂ ਬੀਤਣ ਉਪਰੰਤ ਵੀ ਬੰਦੀ ਸਿੱਖਾਂ ਨੂੰ ਨਾ ਰਿਹਾਅ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਜ਼ਮਾਨਤ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਦਿੱਲੀ ਦੰਗਿਆਂ ਦੇ ਮਾਮਲਿਆਂ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਪੰਜ ਸਾਲ ਬੀਤਣ ਦੇ ਬਾਵਜੂਦ ਬਿਨਾਂ ਟ੍ਰਾਇਲ ਜੇਲ੍ਹਾਂ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕ੍ਰਿਸਮਸ ਦੇ ਦਿਨਾਂ ਦੌਰਾਨ ਈਸਾਈ ਭਾਈਚਾਰੇ ਦੇ ਸਮਾਗਮਾਂ ’ਤੇ ਕੱਟੜ ਹਿੰਦੂਤਵੀ ਜੱਥੇਬੰਦੀਆਂ ਵੱਲੋਂ ਹਮਲੇ ਕਰਕੇ ਡਰਾਇਆ-ਧਮਕਾਇਆ ਜਾ ਰਿਹਾ ਹੈ।
ਦੂਜੇ ਪਾਸੇ ਬਲਾਤਕਾਰ ਦੇ ਦੋਸ਼ਾਂ ’ਚ ਸਜ਼ਾਵਾਂ ਕੱਟ ਰਹੇ ਲੋਕਾਂ ਨੂੰ ਵਾਰ-ਵਾਰ ਪੈਰੋਲ ’ਤੇ ਛੱਡਿਆ ਜਾਣਾ ਅਤੇ ਜਨਤਕ ਸਮਾਗਮਾਂ ਵਿੱਚ ਉਨ੍ਹਾਂ ਦਾ ਸਨਮਾਨ ਕੀਤਾ ਜਾਣਾ ਦੋਹਰੇ ਮਾਪਦੰਡਾਂ ਦੀ ਮਿਸਾਲ ਹੈ। ਆਗੂਆਂ ਨੇ ਕਿਹਾ ਕਿ ਦੇਸ਼ ਵਿੱਚ ਹਿੰਦੂਤਵ ਲਈ ਕਾਨੂੰਨ ਹੋਰ ਅਤੇ ਘੱਟ ਗਿਣਤੀਆਂ ਲਈ ਕਾਨੂੰਨ ਹੋਰ ਬਣਾਇਆ ਜਾ ਰਿਹਾ ਹੈ।
ਇਸ ਮੌਕੇ ਇਹ ਵੀ ਮੰਗ ਕੀਤੀ ਗਈ ਕਿ “ਸ਼ਹਿਰੀ ਨਕਸਲ” ਦੇ ਨਾਂ ਹੇਠ ਜਮਹੂਰੀ ਕਾਰਕੁਨਾਂ ’ਤੇ ਲਗਾਏ ਝੂਠੇ ਕੇਸ ਰੱਦ ਕਰਕੇ ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਨਾਲ ਹੀ ਜਲ, ਜੰਗਲ, ਜ਼ਮੀਨ ਅਤੇ ਕੁਦਰਤੀ ਸੋਮਿਆਂ ਉੱਤੇ ਕਾਰਪੋਰੇਟ ਕਬਜ਼ਿਆਂ ਖ਼ਿਲਾਫ਼ ਸੰਘਰਸ਼ ਕਰ ਰਹੇ ਆਦਿਵਾਸੀਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨਾ ਤੁਰੰਤ ਬੰਦ ਕਰਨ ਦੀ ਮੰਗ ਵੀ ਰੱਖੀ ਗਈ।

ਇਸ ਪ੍ਰਦਰਸ਼ਨ ਦੌਰਾਨ ਕਿਸਾਨ ਆਗੂ ਅਜੀਤ ਸਿੰਘ ਮੱਲੀਆਂ, ਦਲਬੀਰ ਸਿੰਘ ਜੀਵਨਚੱਕ, ਮੁਖਤਿਆਰ ਸਿੰਘ ਮੱਲੀਆਂ, ਮੰਗਤ ਸਿੰਘ ਜੀਵਨਚੱਕ, ਬਲਵੀਰ ਸਿੰਘ ਪੀਰਾਂ ਬਾਗ਼, ਮੁਖਤਿਆਰ ਸਿੰਘ, ਮਜ਼ਦੂਰ ਆਗੂ ਕਮਲ ਕਿਸ਼ੋਰ ਗੁਰਦਾਸਪੁਰ ਭਾਈਆਂ, ਕੁਲਵੀਰ ਸਿੰਘ ਅਤੇ ਜੋਨੀ ਫੂਲਪੁਰੀ ਨੇ ਵੀ ਸੰਬੋਧਨ ਕੀਤਾ।


Share & like

Leave a Reply