Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 3 ਜਨਵਰੀ
ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਉਦੇਸ਼ ਨਾਲ ਸੂਬੇ ਭਰ ਵਿੱਚ 118 ਸਕੂਲ ਆਫ ਐਮੀਨੈਂਸ ਅਤੇ 10 ਮੈਰੀਟੋਰੀਅਸ ਸਕੂਲ ਸਫਲਤਾਪੂਰਵਕ ਚਲ ਰਹੇ ਹਨ। ਇਨ੍ਹਾਂ ਸਕੂਲਾਂ ਵਿੱਚ ਦਾਖਲੇ ਦਾਖਲਾ ਪ੍ਰਵੇਸ਼ ਪ੍ਰੀਖਿਆ ਰਾਹੀਂ ਕੀਤੇ ਜਾਂਦੇ ਹਨ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਨੋਡਲ ਅਫਸਰ ਸਕੂਲ ਆਫ਼ ਐਮੀਨੈਂਸ ਸ੍ਰੀ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਜਿਲ੍ਹਾ ਗੁਰਦਾਸਪੁਰ ਦੇ ਤਿੰਨ ਸਕੂਲ ਆਫ਼ ਐਮੀਨੈਂਸ ਗੁਰਦਾਸਪੁਰ, ਬਟਾਲਾ ਅਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ 9ਵੀਂ ਅਤੇ 11ਵੀਂ ਜਮਾਤ ਲਈ, ਜਦਕਿ ਮੈਰੀਟੋਰੀਅਸ ਸਕੂਲ ਗੁਰਦਾਸਪੁਰ ਵਿੱਚ ਕੇਵਲ 11ਵੀਂ ਜਮਾਤ ਲਈ ਦਾਖਲਿਆਂ ਵਾਸਤੇ ਰਜਿਸਟ੍ਰੇਸ਼ਨ ਦੀ ਸ਼ੁਰੂਆਤ 3 ਜਨਵਰੀ 2026 ਤੋਂ ਹੋ ਚੁੱਕੀ ਹੈ। ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 20 ਜਨਵਰੀ 2026 ਨਿਰਧਾਰਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਦਾਖਲਾ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਾਇੰਸ (ਮੈਡੀਕਲ/ਨਾਨ-ਮੈਡੀਕਲ), ਕਾਮਰਸ ਅਤੇ ਆਰਟਸ ਸਟਰੀਮਾਂ ਵਿੱਚ ਦਾਖਲਾ ਦਿੱਤਾ ਜਾਵੇਗਾ। ਸਾਂਝੀ ਦਾਖਲਾ ਪ੍ਰਵੇਸ਼ ਪ੍ਰੀਖਿਆ 1 ਮਾਰਚ 2026 ਨੂੰ ਕਰਵਾਈ ਜਾਵੇਗੀ ਅਤੇ ਇਸ ਟੈਸਟ ਲਈ ਕੋਈ ਵੀ ਫੀਸ ਨਹੀਂ ਹੈ।
ਜਿਲ੍ਹਾ ਸਿੱਖਿਆ ਅਫਸਰ ਮੈਡਮ ਪਰਮਜੀਤ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਦਾ ਇਹ ਉਪਰਾਲਾ ਬਹੁਤ ਹੀ ਸਰਾਹਣਯੋਗ ਹੈ। ਉਨ੍ਹਾਂ ਅੱਠਵੀਂ ਅਤੇ ਦੱਸਵੀਂ ਜਮਾਤ ਵਿੱਚ ਪੜ੍ਹ ਰਹੇ ਸਰਕਾਰੀ, ਅਰਧ-ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸੁਨਹਿਰੀ ਮੌਕੇ ਦਾ ਲਾਭ ਲੈਂਦਿਆਂ ਸਮੇਂ ਸਿਰ ਰਜਿਸਟ੍ਰੇਸ਼ਨ ਕਰਵਾਉਣ।
ਰਜਿਸਟ੍ਰੇਸ਼ਨ ਲਈ ਵਿਦਿਆਰਥੀ ਵਿਭਾਗ ਦੀ ਵੈਬਸਾਈਟ http://schoolofeminence.pseb.ac.in ’ਤੇ ਜਾ ਸਕਦੇ ਹਨ। ਇਹ ਲਿੰਕ ਸਿੱਖਿਆ ਵਿਭਾਗ ਦੀਆਂ ਵੈਬਸਾਈਟਾਂ ssapunjab.org, epunjabschol.gov.in ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ pseb.ac.in ਰਾਹੀਂ ਵੀ ਉਪਲਬਧ ਹੈ। ਵਿਦਿਆਰਥੀਆਂ ਦੀ ਸਹੂਲਤ ਲਈ ਜਿਲ੍ਹੇ ਦੇ ਤਿੰਨਾਂ ਸਕੂਲ ਆਫ ਐਮੀਨੈਂਸ ਅਤੇ ਮੈਰੀਟੋਰੀਅਸ ਸਕੂਲ ਗੁਰਦਾਸਪੁਰ ਵਿੱਚ ਹੈਲਪ ਡੈਸਕ ਵੀ ਸਥਾਪਿਤ ਕੀਤੇ ਗਏ ਹਨ, ਜਿੱਥੇ ਮੁਫ਼ਤ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।
ਟੈਸਟ ਪਾਸ ਕਰਨ ਉਪਰੰਤ ਸਕੂਲ ਆਫ ਐਮੀਨੈਂਸ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ 4000 ਰੁਪਏ ਮੁੱਲ ਦੀ ਮੁਫ਼ਤ ਯੂਨੀਫਾਰਮ ਅਤੇ ਬੱਸ ਸਹੂਲਤ ਪ੍ਰਦਾਨ ਕੀਤੀ ਜਾਵੇਗੀ, ਜਦਕਿ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ ਲੈਣ ਵਾਲਿਆਂ ਨੂੰ ਮੁਫ਼ਤ ਰਿਹਾਇਸ਼ੀ ਸਹੂਲਤ, ਯੂਨੀਫਾਰਮ ਅਤੇ ਕਿਤਾਬਾਂ ਦਿੱਤੀਆਂ ਜਾਣਗੀਆਂ। ਇਨ੍ਹਾਂ ਸਕੂਲਾਂ ਵਿੱਚ ਜੇ.ਈ.ਈ., ਨੀਟ, ਕਲੈਟ ਆਦਿ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਦੇ ਨਾਲ-ਨਾਲ ਸਮਰ ਕੈਂਪ, ਵਿਂਟਰ ਕੈਂਪ ਅਤੇ ਐਕਸਪੋਜ਼ਰ ਵਿਜ਼ਿਟਸ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਜਾਂਦਾ ਹੈ।
ਹੋਰ ਜਾਣਕਾਰੀ ਲਈ ਮੋਬਾਈਲ ਨੰਬਰ 94175-87000 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਕੈਪਸ਼ਨ: ਦਾਖਲਿਆਂ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਜਿਲ੍ਹਾ ਨੋਡਲ ਅਫਸਰ ਅਮਰਜੀਤ ਸਿੰਘ ਪੁਰੇਵਾਲ।


Share & like

Leave a Reply