Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 3 ਜਨਵਰੀ
ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ (ਇਫਟੂ) ਵੱਲੋਂ ਰਾਜ ਪੱਧਰੀ ਲੇਬਰ ਕੋਡ ਵਿਰੋਧ ਮੁਹਿੰਮ ਦੇ ਤਹਿਤ ਅੱਜ ਗੁਰਦਾਸਪੁਰ ਸ਼ਹਿਰ ਵਿੱਚ ਮੋਟਰਸਾਈਕਲ ਮਾਰਚ ਕੱਢਿਆ ਗਿਆ। ਇਹ ਮਾਰਚ ਇਫਟੂ ਦਫ਼ਤਰ ਬਹਿਰਾਮਪੁਰ ਰੋਡ ਤੋਂ ਸ਼ੁਰੂ ਹੋ ਕੇ ਸ਼ਹੀਦ ਨਵਦੀਪ ਸਿੰਘ ਸ਼ੇਖਰ ਚੌਂਕ, ਗੀਤਾ ਭਵਨ ਰੋਡ, ਹਨੂੰਮਾਨ ਚੌਕ, ਜਹਾਜ਼ ਚੌਕ, ਪੁਰਾਣਾ ਬੱਸ ਸਟੈਂਡ ਅਤੇ ਡਾਕਖਾਨਾ ਚੌਕ ਤੱਕ ਗਿਆ।
ਮਾਰਚ ਦੌਰਾਨ ਹਨੂੰਮਾਨ ਚੌਕ ਵਿੱਚ ਰੈਲੀ ਕਰਕੇ ਲੋਕਾਂ ਨੂੰ ਲੇਬਰ ਕੋਡਾਂ ਦੇ ਨੁਕਸਾਨਦਾਇਕ ਪ੍ਰਭਾਵਾਂ ਬਾਰੇ ਚੇਤੰਨ ਕੀਤਾ ਗਿਆ। ਪੁਰਾਣੇ ਬੱਸ ਸਟੈਂਡ ਵਿਖੇ ਕਿਰਤ ਕੋਡਾਂ ਦੀਆਂ ਕਾਪੀਆਂ ਸਾੜ ਕੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਇਫਟੂ ਆਗੂਆਂ ਕਾਮਰੇਡ ਰਮੇਸ਼ ਰਾਣਾ, ਜੋਗਿੰਦਰ ਪਾਲ ਪਨਿਆੜ, ਸੁਖਦੇਵ ਰਾਜ ਬਹਿਰਾਮਪੁਰ ਅਤੇ ਜੋਗਿੰਦਰ ਪਾਲ ਘੁਰਾਲਾ ਨੇ ਮਜ਼ਦੂਰ ਆਗੂ ਮੁਕੇਸ਼ ਮਲੌਦ ਦੀ ਗ੍ਰਿਫ਼ਤਾਰੀ ਅਤੇ ਪੱਤਰਕਾਰਾਂ ਉੱਤੇ ਦਰਜ ਕੀਤੇ ਪਰਚਿਆਂ ਦੀ ਪੰਜਾਬ ਸਰਕਾਰ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਮੁਕੇਸ਼ ਮਲੌਦ ਨੂੰ ਤੁਰੰਤ ਰਿਹਾਅ ਕਰਨ ਅਤੇ ਪੱਤਰਕਾਰਾਂ ਉੱਤੇ ਦਰਜ ਕੀਤੇ ਪਰਚੇ ਰੱਦ ਕਰਨ ਦੀ ਮੰਗ ਕੀਤੀ।
ਆਗੂਆਂ ਨੇ ਕੇਂਦਰ ਸਰਕਾਰ ਵੱਲੋਂ 21 ਨਵੰਬਰ 2025 ਤੋਂ ਲਾਗੂ ਕੀਤੇ ਗਏ ਕਿਰਤ ਕੋਡਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਹ ਕੋਡ ਯੂਨੀਅਨ ਬਣਾਉਣ, ਹੜਤਾਲ ਦੇ ਅਧਿਕਾਰਾਂ ਅਤੇ ਰੁਜ਼ਗਾਰ ਦੀ ਸੁਰੱਖਿਆ ਸਬੰਧੀ ਕਾਨੂੰਨੀ ਜਵਾਬਦੇਹੀ ਨੂੰ ਕਮਜ਼ੋਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਕੋਡ ਸਕੀਮ ਵਰਕਰਾਂ, ਗਿਗ ਵਰਕਰਾਂ, ਕੱਚੇ ਕਾਮਿਆਂ ਅਤੇ ਆਉਟਸੋਰਸ ਕਰਮਚਾਰੀਆਂ ਦੇ ਹਿੱਤਾਂ ‘ਤੇ ਵੀ ਨਾਕਾਰਾਤਮਕ ਅਸਰ ਪਾਉਂਦੇ ਹਨ।
ਇਸ ਤੋਂ ਇਲਾਵਾ ਆਗੂਆਂ ਨੇ ਮਨਰੇਗਾ ਕਾਨੂੰਨ ਵਿੱਚ ਕੀਤੀਆਂ ਤਬਦੀਲੀਆਂ ਅਤੇ ਬਿਜਲੀ ਸੋਧ ਬਿੱਲ ਲਿਆਉਣ ਦੀ ਵੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਮਜ਼ਦੂਰ ਵਰਗ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਕੇ ਪੁਰਾਣੇ ਕਿਰਤ ਕਾਨੂੰਨਾਂ ਦੀ ਬਹਾਲੀ ਲਈ ਸੰਘਰਸ਼ ਕਰਨ।

ਇਸ ਮੌਕੇ ਜੋਤੀ ਲਾਲ, ਬੋਧਰਾਜ, ਸੰਦੀਪ ਹੱਲਾ, ਮਹਿੰਗਾ ਰਾਮ, ਸੰਪੂਰਨ ਚੰਦ, ਓਮ ਪ੍ਰਕਾਸ਼, ਸਤਪਾਲ, ਜਤਿੰਦਰ ਸਿੰਘ ਅਤੇ ਰਾਹੁਲ ਜੋਸ਼ੀ ਸਮੇਤ ਵੱਡੀ ਗਿਣਤੀ ਵਿੱਚ ਮਜ਼ਦੂਰ ਸ਼ਾਮਿਲ ਹੋਏ।


Share & like

Leave a Reply