ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 4 ਜਨਵਰੀ
ਖੱਬੇ ਪੱਖੀ ਧਿਰਾਂ ਸੀਪੀਆਈ, ਸੀਪੀਐਮ, ਸੀਪੀਐਮਐਲ ਲਿਬਰੇਸ਼ਨ ਅਤੇ ਆਰਐਮਪੀਆਈ ਦੇ ਵਰਕਰਾਂ ਵੱਲੋਂ ਗੁਰੂ ਨਾਨਕ ਪਾਰਕ ਵਿਖੇ ਰੈਲੀ ਕਰਕੇ ਅਮਰੀਕੀ ਸਾਮਰਾਜਵਾਦ ਦੀ ਕੜੀ ਨਿੰਦਾ ਕੀਤੀ ਗਈ। ਰੈਲੀ ਉਪਰੰਤ ਸ਼ਹਿਰ ਵਿੱਚ ਪ੍ਰਦਰਸ਼ਨ ਕੀਤਾ ਗਿਆ ਅਤੇ ਡਾਕਖਾਨਾ ਚੌਕ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਫੂਕਿਆ ਗਿਆ।

ਰੈਲੀ ਨੂੰ ਸੰਬੋਧਨ ਕਰਦਿਆਂ ਰੂਪ ਸਿੰਘ ਪੱਡਾ, ਜਗਜੀਤ ਸਿੰਘ ਅਲੂਣਾ, ਮੱਖਣ ਕੁਹਾੜ ਅਤੇ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਅਮਰੀਕਾ ਵੱਲੋਂ ਵੈਨਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਧੂਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਦੇਸ਼ ਅੰਦਰੋਂ ਅਗਵਾ ਕਰਕੇ ਲੈ ਜਾਣਾ ਦੂਜੇ ਦੇਸ਼ ਦੀ ਆਜ਼ਾਦੀ ਅਤੇ ਖ਼ੁਦਮੁਖ਼ਤਿਆਰੀ ’ਤੇ ਸਿੱਧਾ ਹਮਲਾ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਕਈ ਸਾਲਾਂ ਤੋਂ ਵੈਨਜ਼ੂਏਲਾ ’ਤੇ ਦਬਾਅ ਬਣਾਉਂਦਾ ਆ ਰਿਹਾ ਹੈ, ਜੋ ਉਥੋਂ ਦੇ ਲੋਕਾਂ ਅਤੇ ਸਰਕਾਰ ਨੂੰ ਮਨਜ਼ੂਰ ਨਹੀਂ।

ਆਗੂਆਂ ਨੇ ਕਿਹਾ ਕਿ ਅਸਲ ਵਿੱਚ ਅਮਰੀਕਾ ਦੀ ਨਜ਼ਰ ਵੈਨਜ਼ੂਏਲਾ ਦੇ ਵਿਸ਼ਾਲ ਕੱਚੇ ਤੇਲ ਦੇ ਭੰਡਾਰਾਂ ’ਤੇ ਹੈ, ਜੋ ਦੁਨੀਆ ਵਿੱਚ ਸਭ ਤੋਂ ਵੱਡੇ ਮੰਨੇ ਜਾਂਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕਾ ਨੂੰ ਇਹ ਵੀ ਖ਼ਲਲ ਹੈ ਕਿ ਵੈਨਜ਼ੂਏਲਾ ਇੱਕ ਕਮਿਊਨਿਸਟ ਅਤੇ ਸਮਾਜਵਾਦੀ ਸਰਕਾਰ ਵਾਲਾ ਦੇਸ਼ ਹੈ। ਟਰੰਪ ਵੱਲੋਂ ਵੈਨਜ਼ੂਏਲਾ ਦੀ ਅਗਲੀ ਸਰਕਾਰ ਬਨਾਉਣ ਬਾਰੇ ਦਿੱਤਾ ਬਿਆਨ ਅਤੀ ਨਿੰਦਣਯੋਗ ਕਰਾਰ ਦਿੱਤਾ ਗਿਆ।
ਬੁਲਾਰਿਆਂ ਚੇਤਾਵਨੀ ਦਿੱਤੀ ਕਿ ਅਮਰੀਕੀ ਰਾਸ਼ਟਰਪਤੀ ਦਾ ਅਗਲਾ ਨਿਸ਼ਾਨਾ ਈਰਾਨ ਹੈ, ਜਿਸ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਸ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕੀਤੀ ਜਾ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਅਮਰੀਕਾ ਤੁਰੰਤ ਨਿਕੋਲਸ ਮਾਧੂਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਆਜ਼ਾਦ ਕਰੇ ਅਤੇ ਵੈਨਜ਼ੂਏਲਾ ਵਿੱਚੋਂ ਆਪਣੀ ਦਖ਼ਲਅੰਦਾਜ਼ੀ ਬੰਦ ਕਰੇ।

ਇਸ ਮੌਕੇ ਰੂਪ ਸਿੰਘ ਸਿਧੂ, ਜਨਕ ਰਾਜ, ਸੁਖਦੇਵ ਸਿੰਘ ਭਾਗੋਕਾਵਾ, ਪ੍ਰੇਮ ਮਸੀਹ ਸੋਨਾ, ਸ਼ਿਵ ਕੁਮਾਰ, ਠਾਕੁਰ ਧਿਆਨ ਸਿੰਘ ਅਤੇ ਕੁਲਦੀਪ ਰਾਜੂ ਸਮੇਤ ਹੋਰ ਵਰਕਰ ਹਾਜ਼ਰ ਸਨ।










