ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਬਟਾਲਾ, 3 ਜਨਵਰੀ।
ਪੰਜਾਬ ਸਰਕਾਰ ਵੱਲੋਂ ਜੂਨ 2025 ਤੋਂ ਪੰਜਾਬ ਅੰਦਰ ਮਨਰੇਗਾ ਮਜ਼ਦੂਰਾਂ ਦੇ ਕੰਮ ਬੰਦ ਕਰਨ ਅਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਮਨਰੇਗਾ ਕਾਨੂੰਨ ਵਿੱਚ ਕੀਤੀਆਂ ਗਈਆਂ ਮਜ਼ਦੂਰ ਵਿਰੋਧੀ ਸੋਧਾਂ ਦੇ ਖਿਲਾਫ ਮਨਰੇਗਾ ਰੁਜ਼ਗਾਰ ਬਚਾਓ ਸੰਯੁਕਤ ਮਜ਼ਦੂਰ ਮੋਰਚਾ ਦੇ ਸੂਬਾ ਪੱਧਰੀ ਸੱਦੇ ਤਹਿਤ ਅੱਜ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ ਪਿੰਡ ਬਹਾਦਰਪਰਾ ਵਿਖੇ “ਭਾਜਪਾ ਭਜਾਓ, ਆਪ ਭਜਾਓ—ਰੁਜ਼ਗਾਰ ਬਚਾਓ” ਮਜ਼ਦੂਰ ਰੈਲੀ ਕਰਵਾਈ ਗਈ।
ਰੈਲੀ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਆਗੂ ਮਨਜੀਤ ਰਾਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਸੱਤਾ ਵਿੱਚ ਆਉਂਦੇ ਹੀ ਗਰੀਬਾਂ ਨੂੰ ਮਿਲਦੀ 2 ਰੁਪਏ ਪ੍ਰਤੀ ਕਿਲੋ ਵਾਲੀ ਕਣਕ ਬੰਦ ਕਰਕੇ ਉਨ੍ਹਾਂ ਤੋਂ ਰੋਟੀ ਖੋਹ ਲਈ ਅਤੇ ਹੁਣ ਜੂਨ 2025 ਤੋਂ ਮਨਰੇਗਾ ਦੇ ਕੰਮ ਰੋਕ ਕੇ ਪੇਂਡੂ ਦਲਿਤ ਮਜ਼ਦੂਰਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਆਪਣੀਆਂ ਮਜ਼ਦੂਰ ਵਿਰੋਧੀ ਨੀਤੀਆਂ ਤਹਿਤ ਮਨਰੇਗਾ ਕਾਨੂੰਨ ਦਾ ਨਾਮ ਬਦਲ ਕੇ “ਜੀ ਰਾਮ ਜੀ” ਰੱਖ ਦਿੱਤਾ ਹੈ ਅਤੇ ਸਿਰਫ਼ ਨਾਂ ਹੀ ਨਹੀਂ ਬਦਲਿਆ, ਸਗੋਂ ਮਜ਼ਦੂਰਾਂ ਨੂੰ ਸਾਲਾਨਾ 100 ਦਿਨਾਂ ਦੇ ਰੁਜ਼ਗਾਰ ਦੀ ਗਰੰਟੀ ਦੇ ਅਧਿਕਾਰ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮਜ਼ਦੂਰ ਆਗੂਆਂ ਨੇ ਐਲਾਨ ਕੀਤਾ ਕਿ ਪਿੰਡ-ਪਿੰਡ “ਭਾਜਪਾ ਭਜਾਓ, ਆਪ ਭਜਾਓ, ਰੁਜ਼ਗਾਰ ਬਚਾਓ” ਰੈਲੀਆਂ ਕਰਕੇ ਮਜ਼ਦੂਰ ਵਰਗ ਨੂੰ ਲਾਮਬੰਦ ਕੀਤਾ ਜਾਵੇਗਾ। ਇਸੇ ਕੜੀ ਤਹਿਤ 8 ਜਨਵਰੀ ਨੂੰ ਬਰਨਾਲਾ ਵਿਖੇ ਸੂਬਾ ਪੱਧਰੀ ਮਨਰੇਗਾ ਮਜ਼ਦੂਰ ਏਕਤਾ ਕਨਵੈਨਸ਼ਨ ਕੀਤੀ ਜਾਵੇਗੀ, ਜਿਸ ਦੌਰਾਨ ਅਗਲੇ ਤਿੱਖੇ ਸੰਘਰਸ਼ੀ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ।










