Share & like

16 ਜਨਵਰੀ ਨੂੰ ਡੀਸੀ ਦਫ਼ਤਰਾਂ ਅੱਗੇ ਧਰਨਿਆਂ ਦਾ ਐਲਾਨ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਬਹਿਰਾਮਪੁਰ/ਗੁਰਦਾਸਪੁਰ, 2 ਜਨਵਰੀ
ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਰਤੀ ਕਿਸਾਨ ਯੂਨੀਅਨ, ਬੀ.ਕੇ.ਯੂ (ਡਕੌਂਦਾ), ਪੰਜਾਬ ਕਿਸਾਨ ਯੂਨੀਅਨ, ਮਾਝਾ ਕਿਸਾਨ ਸੰਘਰਸ਼ ਕਮੇਟੀ, ਬੀ.ਕੇ.ਯੂ (ਕਾਦੀਆਂ), ਟੀ.ਐਸ.ਯੂ ਅਤੇ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੀਆਂ ਕਿਸਾਨ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਵਾਹਨ ਮਾਰਚ ਕੱਢਿਆ ਗਿਆ।
ਆਗੂ ਤਰਲੋਕ ਸਿੰਘ ਬਹਿਰਾਮਪੁਰ, ਗੁਰਵਿੰਦਰ ਸਿੰਘ ਜੀਵਨ ਚਕ, ਸੁਖਦੇਵ ਸਿੰਘ ਭਾਗੋਕਾਂਵਾ, ਬਲਜਿੰਦਰ ਸਿੰਘ ਨੌਸ਼ਹਿਰਾ ਅਤੇ ਸੰਜੀਵ ਮਿੰਟੂ ਦੀ ਅਗਵਾਈ ਹੇਠ ਜੀਪਾਂ, ਕਾਰਾਂ, ਸਕੂਟਰਾਂ ਅਤੇ ਮੋਟਰਸਾਈਕਲਾਂ ਰਾਹੀਂ ਕੱਢਿਆ ਗਿਆ। ਮਾਰਚ ਪਿੰਡ ਜੀਵਨ ਚਕ ਤੋਂ ਸ਼ੁਰੂ ਹੋ ਕੇ ਟੋਟਾ ਮੋੜ ਦੋਰਾਂਗਲਾ, ਗੰਜਾ, ਬਹਿਲੋਲਪੁਰ, ਕਠਿਆਲੀ, ਉੱਚਾ ਧਕਾਲਾ, ਭਾਗੋਕਾਂਵਾ, ਦਿਉਲ, ਸ਼ਮਸ਼ੇਰਪੁਰ, ਮਜੀਠੀ, ਬਹਿਰਾਮਪੁਰ ਅਤੇ ਨੀਵਾਂ ਧਕਾਲਾ ਤੋਂ ਹੁੰਦਾ ਹੋਇਆ ਪਿੰਡ ਸੁਲਤਾਨੀ ਵਿੱਚ ਸਮਾਪਤ ਹੋਇਆ।
ਮਾਰਚ ਦੌਰਾਨ ਵੱਖ-ਵੱਖ ਪਿੰਡਾਂ ਵਿੱਚ ਹੋਏ ਇਕੱਠਾਂ ਨੂੰ ਸੰਬੋਧਨ ਕਰਦੇ ਹੋਏ ਸਤਬੀਰ ਸਿੰਘ ਸੁਲਤਾਨੀ, ਸੁਖਦੇਵ ਸਿੰਘ ਭਾਗੋਕਾਂਵਾ, ਮੰਗਤ ਸਿੰਘ ਜੀਵਨ ਚਕ, ਬਲਜਿੰਦਰ ਸਿੰਘ ਨੌਸ਼ਹਿਰਾ, ਬਲਬੀਰ ਸਿੰਘ ਬੈਂਸ, ਮੁਲਾਜ਼ਮ ਆਗੂ ਬਲਵਿੰਦਰ ਸਿੰਘ ਬਬਨ ਅਤੇ ਮਜ਼ਦੂਰ ਆਗੂ ਬੀਬੀ ਬਿਮਲ ਕੌਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਬਿਜਲੀ ਸੋਧ ਬਿੱਲ 2025 ਲਿਆ ਕੇ ਬਿਜਲੀ ਮਹਿਕਮੇ ਨੂੰ ਨਿੱਜੀ ਕੰਪਨੀਆਂ ਦੇ ਹਵਾਲੇ ਕਰਨ ਦੀ ਤਿਆਰੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਇਹ ਬਿੱਲ ਪਾਸ ਹੋਇਆ ਤਾਂ ਬਿਜਲੀ ਸੇਵਾ ਲੋਕ-ਹਿੱਤ ਦੀ ਥਾਂ ਮੁਨਾਫੇ ਦੇ ਆਧਾਰ ’ਤੇ ਦਿੱਤੀ ਜਾਵੇਗੀ, ਜਿਸ ਨਾਲ ਬਿਜਲੀ ਮਹਿੰਗੀ ਹੋਵੇਗੀ ਅਤੇ ਗਰੀਬ ਵਰਗ ਨੂੰ ਮਿਲ ਰਹੀ 600 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਅਤੇ ਕਿਸਾਨਾਂ ਨੂੰ ਖੇਤੀ ਮੋਟਰਾਂ ਲਈ ਮਿਲਦੀ ਮੁਫ਼ਤ ਬਿਜਲੀ ਖਤਮ ਹੋ ਜਾਵੇਗੀ। ਨਾਲ ਹੀ ਬਿਜਲੀ ਮਹਿਕਮੇ ਦੇ ਮੁਲਾਜ਼ਮਾਂ ਨੂੰ ਠੇਕੇ ’ਤੇ ਰੱਖ ਕੇ ਉਨ੍ਹਾਂ ਦੇ ਹੱਕਾਂ ’ਤੇ ਡਾਕਾ ਮਾਰਿਆ ਜਾਵੇਗਾ ਅਤੇ ਹੜਤਾਲ ਦਾ ਹੱਕ ਵੀ ਖਤਮ ਕੀਤਾ ਜਾਵੇਗਾ।
ਆਗੂਆਂ ਨੇ ਬੀਜ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਨਕਲੀ ਬੀਜ ਖਤਮ ਕਰਨ ਦੇ ਨਾਮ ’ਤੇ ਬੀਜਾਂ ’ਤੇ ਨਿੱਜੀ ਕੰਪਨੀਆਂ ਦਾ ਕਬਜ਼ਾ ਕਰਵਾਇਆ ਜਾ ਰਿਹਾ ਹੈ। ਖੇਤੀਬਾੜੀ ਯੂਨੀਵਰਸਿਟੀਆਂ ਵੱਲੋਂ ਹੋ ਰਹੀ ਨਵੀਆਂ ਕਿਸਮਾਂ ਦੀ ਖੋਜ ਨੂੰ ਨਿੱਜੀ ਕੰਪਨੀਆਂ ਦੇ ਹਵਾਲੇ ਕਰਨਾ ਕਿਸਾਨੀ ਨੂੰ ਬਰਬਾਦੀ ਵੱਲ ਧੱਕਣ ਦੇ ਬਰਾਬਰ ਹੈ।
ਇਸ ਤੋਂ ਇਲਾਵਾ ਆਗੂਆਂ ਨੇ ਮੰਗ ਕੀਤੀ ਕਿ ਅਮਰੀਕਾ ਨਾਲ ਹੋ ਰਹੇ ਮੁਕਤ ਵਪਾਰਕ ਸਮਝੌਤੇ ਵਿੱਚੋਂ ਖੇਤੀ, ਪੋਲਟਰੀ, ਡੇਅਰੀ ਅਤੇ ਮੱਛੀ ਪਾਲਣ ਵਰਗੇ ਸਹਾਇਕ ਧੰਦਿਆਂ ਨੂੰ ਬਾਹਰ ਰੱਖਿਆ ਜਾਵੇ ਅਤੇ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਤੁਰੰਤ ਵਾਪਸ ਲਏ ਜਾਣ।

ਅੰਤ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਸਮਾਜ ਦੇ ਹਰ ਵਰਗ ਨੂੰ ਅਪੀਲ ਕੀਤੀ ਕਿ 16 ਜਨਵਰੀ ਨੂੰ ਡੀਸੀ ਦਫ਼ਤਰਾਂ ਅੱਗੇ ਦਿੱਤੇ ਜਾਣ ਵਾਲੇ ਧਰਨਿਆਂ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਸੰਘਰਸ਼ ਨੂੰ ਕਾਮਯਾਬ ਬਣਾਇਆ ਜਾਵੇ।


Share & like

Leave a Reply