Share & like

ਜਤਿੰਦਰ ਸਿੰਘ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 1 ਜਨਵਰੀ
ਗੁਰਦਾਸਪੁਰ ਜ਼ਿਲ੍ਹਾ ਬਾਲ ਭਲਾਈ ਕੌਂਸਲ (ਡੀ.ਸੀ.ਡਬਲਯੂ.ਸੀ.) ਦੀ ਇੱਕ ਮਹੱਤਵਪੂਰਨ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਗੁਰਸਿਮਰਨ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ। ਮੀਟਿੰਗ ਵਿੱਚ ਕੌਂਸਲ ਦੇ ਅਧਿਕਾਰੀਆਂ, ਸਲਾਹਕਾਰ ਕਮੇਟੀ ਦੇ ਮੈਂਬਰਾਂ ਅਤੇ ਪ੍ਰੋਜੈਕਟ ਸਟਾਫ਼ ਵੱਲੋਂ ਹਿੱਸਾ ਲਿਆ ਗਿਆ।
ਮੀਟਿੰਗ ਦੌਰਾਨ ਸੈਕ੍ਰਟਰੀ ਸ਼੍ਰੀ ਰੋਮੇਸ਼ ਮਹਾਜਨ ਨੇ ਕੌਂਸਲ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਗੁਰਦਾਸਪੁਰ ਪੰਜਾਬ ਦਾ ਉਹ ਪਹਿਲਾ ਜ਼ਿਲ੍ਹਾ ਹੈ ਜਿੱਥੇ ਸਭ ਤੋਂ ਵੱਧ ਬੱਚਿਆਂ ਦੀ ਭਲਾਈ ਸਬੰਧੀ ਯੋਜਨਾਵਾਂ ਪ੍ਰਭਾਵਸ਼ਾਲੀ ਢੰਗ ਨਾਲ ਚਲ ਰਹੀਆਂ ਹਨ। ਕੋਆਰਡੀਨੇਟਰ ਸ਼੍ਰੀ ਬਖ਼ਸ਼ੀ ਰਾਜ ਨੇ ਮੀਟਿੰਗ ਦਾ ਏਜੰਡਾ ਪੇਸ਼ ਕੀਤਾ, ਜਿਸ ਵਿੱਚ ਕਈ ਮੁੱਖ ਮੁੱਦਿਆਂ ‘ਤੇ ਫ਼ੈਸਲੇ ਕੀਤੇ ਗਏ।
ਮੀਟਿੰਗ ਦੇ ਮੁੱਖ ਫੈਸਲੇ:
ਬਾਲ ਭਵਨ ਦੀ ਸੁੰਦਰਤਾ ਅਤੇ ਸਹੂਲਤਾਂ ਵਿੱਚ ਸੁਧਾਰ,
ਪਿੰਡ ਮਾਨ ਕੌਰ ਦੇ ਝੁੱਗੀ ਖੇਤਰ ਵਿੱਚ ਕਮਿਊਨਿਟੀ ਟਾਇਲਟ ਦਾ ਨਿਰਮਾਣ, ਪੰਡੋਰੀ ਰੋਡ ਤੋਂ ਲਿੰਕ ਸੜਕ ਦੀ ਮੁਰੰਮਤ, ਪਲਾਸਟਿਕ/ਚਾਈਨਾ ਡੋਰ ਦੇ ਖਿਲਾਫ਼ ਸਖ਼ਤ ਕਾਰਵਾਈ, ਸ਼ਹਿਰ ਵਿੱਚ ਬੱਚਿਆਂ ਨਾਲ ਭੀਖ ਮੰਗਵਾਉਣ ਦੇ ਰੁਝਾਨ ‘ਤੇ ਰੋਕ ਲਈ ਹਫ਼ਤਾਵਾਰੀ ਪੁਲਿਸ ਰੇਡਾਂ ਆਦਿ।
ਇਸ ਦੇ ਨਾਲ ਹੀ ਸ਼੍ਰੀ ਪਰਮਿੰਦਰ ਸਿੰਘ ਸੈਣੀ ਨੂੰ ਕੌਂਸਲ ਦਾ ਸੰਯੁਕਤ ਸੈਕ੍ਰਟਰੀ ਨਿਯੁਕਤ ਕੀਤਾ ਗਿਆ। ਕੌਂਸਲ ਲਈ ਵਿੱਤੀ ਸਹਾਇਤਾ ਪਹਿਲਾਂ ਵਾਂਗ ਜਾਰੀ ਰਹੇਗੀ ਅਤੇ ਸਮਰਪਣ ਸੋਸਾਇਟੀ ਦੇ ਨਾ ਵਰਤੇ ਗਏ ਫੰਡਾਂ ਦੀ ਵਰਤੋਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਦੌਰਾਨ ਪੰਜਾਬ ਬਾਲ ਭਲਾਈ ਕੌਂਸਲ ਦੇ ਨਵੇਂ ਨਿਯੁਕਤ ਪੰਜ ਮੈਂਬਰਾਂ ਮੋਹਿਤ ਮਹਾਜਨ, ਸ੍ਰੀਮਤੀ ਰੇਨੂੰ ਕੌਂਸ਼ਲ, ਗੁਰਪ੍ਰੀਤ ਸਿੰਘ ਸੈਣੀ, ਕ੍ਰਿਸ਼ਨਾ ਮੂਰਤੀ ਗਰਗ ਅਤੇ ਅਮਰਿੰਦਰ ਸਿੰਘ ਚੀਮਾ ਦਾ ਸਨਮਾਨ ਕੀਤਾ ਗਿਆ। ਪੰਜਾਬ ਪੱਧਰ ‘ਤੇ ਵੀਰ ਬਾਲ ਦਿਵਸ ਮੁਕਾਬਲੇ ‘ਚ ਜੇਤੂ ਬੱਚਿਆਂ ਨੂੰ ਸਰਟੀਫਿਕੇਟ ਭੇਂਟ ਕੀਤੇ ਗਏ।

ਮੀਟਿੰਗ ਵਿੱਚ ਦਿਲਬਾਗ ਸਿੰਘ ਚੀਮਾ, ਜੈ ਰਘੁਬੀਰ ਸ਼ਰਮਾ, ਲਾਈਨ ਕੇ. ਪੀ. ਸਿੰਘ, ਮੁਕੇਸ਼ ਵਰਮਾ ਸਮੇਤ ਕਈ ਮੈਂਬਰਾਂ ਨੇ ਹਿੱਸਾ ਲਿਆ। ਅੰਤ ਵਿੱਚ ਪ੍ਰੋਜੈਕਟ ਕੋਆਰਡੀਨੇਟਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਅਤੇ ਸਾਰੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ।


Share & like

Leave a Reply