ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 29 ਦਸੰਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਕਟਰ ਪੰਜਾਬ ਦੇ ਸੱਦੇ ’ਤੇ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਡੀ.ਸੀ ਦਫ਼ਤਰ ਹੈੱਡਕੁਆਰਟਰ ਵਿਖੇ ਮਨਰੇਗਾ ਕਾਨੂੰਨ ਵਿੱਚ ਹੋਈਆਂ ਸੋਧਾਂ ਦੇ ਵਿਰੋਧ ਵਿੱਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੇ ਪੁੱਤਲੇ ਫੂਕੇ ਗਏ ਅਤੇ ਅਰਥੀਆਂ ਸਾੜ ਕੇ ਵਿਰੋਧ ਦਰਸਾਇਆ ਗਿਆ।

ਮੋਰਚੇ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ਵਿੱਚ ਸੋਧ ਕਰਕੇ ‘vb ਜੀਰਾਮ ਜੀ’ ਨਾਂਅ ਦਾ ਨਵਾਂ ਕਾਨੂੰਨ ਲਿਆਂਦਾ ਗਿਆ ਹੈ, ਜਿਸ ਨਾਲ ਮਜ਼ਦੂਰਾਂ ਦੇ ਰੁਜ਼ਗਾਰ ਦੇ ਹੱਕ, ਪੰਚਾਇਤ ਪੱਧਰ ’ਤੇ ਕੰਮ ਮੰਗਣ ਦਾ ਅਧਿਕਾਰ ਅਤੇ ਰੋਜ਼ਗਾਰ ਦੀ ਸੁਰੱਖਿਆ ਖਤਰੇ ਵਿੱਚ ਪੈ ਗਈ ਹੈ। ਆਗੂਆਂ ਨੇ ਦਾਅਵਾ ਕੀਤਾ ਕਿ ਨਵੇਂ ਕਾਨੂੰਨ ਤਹਿਤ ਪੰਚਾਇਤਾਂ ਅਤੇ ਬੀ.ਡੀ.ਪੀ.ਓ ਸਤਰ ’ਤੇ ਮਜ਼ਦੂਰਾਂ ਨੂੰ ਮਿਲਣ ਵਾਲੇ ਅਧਿਕਾਰ ਛੀਣੇ ਜਾ ਰਹੇ ਹਨ, ਜੋ ਮਜ਼ਦੂਰ ਵਿਰੋਧੀ ਨੀਤੀ ਹੈ।
ਮੰਗਾਂ ਵਿੱਚ ਮਨਰੇਗਾ ਦਾ ਪੁਰਾਣਾ ਕਾਨੂੰਨ ਬਹਾਲ ਕਰਨ, 40% ਫੰਡ ਕਟੌਤੀ ਵਾਪਸ ਲੈਣ, 100% ਫੰਡ ਕੇਂਦਰ ਵੱਲੋਂ ਜਾਰੀ ਕਰਨ, ਅਤੇ ਮਜ਼ਦੂਰਾਂ ਨੂੰ ਕੰਮ ਮੰਗਣ ਤੇ ਪੰਚਾਇਤਾਂ ਨੂੰ ਕੰਮ ਦੇ ਅਧਿਕਾਰ ਮੁੜ ਸੌਂਪਣ ਦੀ ਗੁਹਾਰ ਸ਼ਾਮਲ ਸੀ। ਨਾਲ ਹੀ ਮਜ਼ਦੂਰਾਂ ਨਾਲ ਜੁੜੇ ਨਵੇਂ ਕਿਰਤ ਕੋਡ, ਬਿਜਲੀ ਸੋਧ ਬਿਲ 2025, ਬੀਜ ਐਕਟ 2025 ਅਤੇ ਕੇਂਦਰੀਕਰਨ ਨੀਤੀਆਂ ਵਾਪਸ ਲੈਣ ਦੀ ਵੀ ਮੰਗ ਕੀਤੀ ਗਈ।
ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਹ ਨੀਤੀਆਂ ਵਾਪਸ ਨਾ ਲਈਆਂ ਗਈਆਂ, ਤਾਂ ਆਉਣ ਵਾਲੇ ਸਮੇਂ ਵਿੱਚ ਨਿੱਜੀਕਰਨ, ਆਨਲਾਈਨ ਵਪਾਰ, ਮੁਲਾਜ਼ਮ ਉਜਾੜ ਅਤੇ ਸਰਕਾਰੀ ਅਦਾਰਿਆਂ ਦੀ ਵੇਚਵੱਟ ਤੇਜ਼ੀ ਨਾਲ ਵਧੇਗੀ, ਜਿਸ ਦਾ ਸਖਤ ਵਿਰੋਧ ਜਾਰੀ ਰਹੇਗਾ।
ਅੱਜ ਦੇ ਪ੍ਰੋਗਰਾਮ ਦੌਰਾਨ ਪਾਸ ਮਤੇ ਵਿੱਚ ਉਨਾਵ ਘਟਨਾ ਦੀ ਪੀੜਤਾ ਨੂੰ ਇਨਸਾਫ, ਦੋਸ਼ੀ ਕੁਲਦੀਪ ਸਿੰਘਰ ਦੀ ਜਮਾਨਤ ਰੱਦ ਕਰਕੇ ਸਜ਼ਾ, ਅਤੇ ਅਰਾਵਲੀ ਪਰਬਤ ਸ਼੍ਰੇਣੀ ਵਿੱਚ ਖਨਨ ’ਤੇ ਪੱਕੇ ਰੂਪ ਵਿੱਚ ਪਾਬੰਦੀ ਦੀ ਮੰਗ ਵੀ ਕੀਤੀ ਗਈ।

ਪ੍ਰੋਗਰਾਮ ਵਿੱਚ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਦੇਵ ਸਿੰਘ ਅੱਲੜ, ਹਰਭਜਨ ਸਿੰਘ ਖਜਾਨਚੀ, ਸੁਖਜਿੰਦਰ ਸਿੰਘ ਗੋਤ, ਮਾਸਟਰ ਗੁਰਜੀਤ ਸਿੰਘ, ਨਿਸ਼ਾਨ ਸਿੰਘ ਮੇੜੈ, ਸੁਖਦੇਵ ਸਿੰਘ ਨੱਤ, ਰਣਜੀਤ ਸਿੰਘ ਸਮੇਤ ਕਈ ਕਿਸਾਨ ਤੇ ਮਜ਼ਦੂਰ ਆਗੂ ਮੌਜੂਦ ਰਹੇ।










